ਭਾਰਤੀਆਂ ਨੇ ਮੱਖੀ ਦੇ ਆਕਾਰ ਦਾ ਦੁਨੀਆ ਦਾ ਪਹਿਲਾ ਵਾਇਰਲੈੱਸ ਡਰੋਨ ਕੀਤਾ ਤਿਆਰ

05/25/2018 5:46:04 PM

ਵਾਸ਼ਿੰਗਟਨ— ਅਮਰੀਕਾ ਦੀ ਇਕ ਯੂਨੀਵਰਸਿਟੀ ਵਿਚ 3 ਭਾਰਤੀਆਂ ਸਮੇਤ ਖੋਜਕਰਤਾਵਾਂ ਦੀ ਇਕ ਟੀਮ ਨੇ ਮੱਖੀ ਦੇ ਆਕਾਰ ਦਾ ਦੁਨੀਆ ਦਾ ਪਹਿਲਾ ਵਾਇਰਲੈੱਸ ਡਰੋਨ ਤਿਆਰ ਕੀਤਾ ਹੈ। ਐਲੇਨ ਸਕੂਲ ਦੀ ਨੈੱਟਵਰਕ ਐਂਡ ਮੋਬਾਈਲ ਸਿਸਟਮ ਲੈਬ ਅਤੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਆਟੋਨੋਮਸ ਇਨਸੈਕਟ ਰੋਬੋਟਿਕਸ ਲੈਬ ਦੇ ਮੈਂਬਰਾਂ ਵਲੋਂ ਵਿਕਸਿਤ ਰੋਬੋ ਫਲਾਈ ਸਵੈਚਲਿਤ ਉਡਾਣ ਦੇ ਖੇਤਰ ਵਿਚ ਇਕ ਮੀਲ ਦਾ ਪੱਥਰ ਹੈ। 
ਇਹ ਹਵਾਈ ਰੋਬੋਟਿਕਸ ਦੇ ਖੇਤਰ ਵਿਚ ਨਵੀਂ ਲਹਿਰ ਪੈਦਾ ਕਰ ਸਕਦਾ ਹੈ। ਰੋਬੋ ਫਲਾਈ ਬਣਾਉਣ ਵਾਲੀ ਵਾਸ਼ਿੰਗਟਨ ਯੂਨੀਵਰਸਿਟੀ ਦੀ ਟੀਮ ਵਿਚ ਐਲੇਨ ਸਕੂਲ ਦੇ ਪ੍ਰੋਫੈਸਰ ਸ਼ਿਆਮ ਗੋਲਾਕੋਟਾ, ਮਕੈਨੀਕਲ ਇੰਜੀਨੀਅਰ ਪ੍ਰੋਫੈਸਰ ਸਾਵਯੇਰ ਫੂਲਰ, ਇਲੈਕਟ੍ਰਿਕਲ ਇੰਜੀਨੀਅਰਿੰਗ 'ਚ ਪੀ. ਐੱਚ. ਡੀ. ਵਿਦਿਆਰਥੀ ਵਿਕ੍ਰਮ ਅਈਅਰ, ਪੀ. ਐੱਚ. ਡੀ. ਵਿਦਿਆਰਥੀ ਯੋਗੇਸ਼ ਚੂਕੇਵਾਡ ਅਤੇ ਜੋਹਾਂਸ ਜੇਮਸ ਸ਼ਾਮਲ ਹਨ।
ਯੂਨੀਵਰਸਿਟੀ ਨੇ ਇਕ ਬਿਆਨ 'ਚ ਕਿਹਾ ਕਿ ਮੱਖੀ ਦੇ ਆਕਾਰ ਦਾ ਇਹ ਰੋਬਟ ਵੱਡੇ ਖੇਤਾਂ 'ਤੇ ਫਸਲ ਦੇ ਵਾਧੇ ਦੇ ਸਰਵੇਖਣ ਅਤੇ ਗੈਸ ਦੇ ਰਿਸਾਵ ਵਰਗੇ ਵਧ ਸਮਾਂ ਲੱਗਣ ਵਾਲੇ ਕੰਮਾਂ 'ਚ ਮਦਦ ਪਹੁੰਚਾ ਸਕਦਾ ਹੈ।