ਵੈਨੇਜ਼ੁਏਲਾ ਰੁਪਏ ''ਚ ਸਵੀਕਾਰ ਕਰੇਗਾ ਪੇਮੈਂਟ, ਸਸਤਾ ਮਿਲੇਗਾ ਕੱਚਾ ਤੇਲ!

05/23/2018 1:11:28 PM

ਨਵੀਂ ਦਿੱਲੀ— ਪਿਛਲੇ ਕਈ ਦਿਨਾਂ ਤੋਂ ਗਿਰਾਵਟ 'ਚ ਚੱਲ ਰਹੀ ਭਾਰਤੀ ਕਰੰਸੀ ਲਈ ਚੰਗੀ ਖਬਰ ਹੈ। ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਨੇ ਭਾਰਤ ਨੂੰ ਕੱਚਾ ਤੇਲ ਸਪਲਾਈ ਕਰਨ 'ਤੇ ਭਾਰਤੀ ਕਰੰਸੀ 'ਚ ਉਸ ਦਾ ਭੁਗਤਾਨ ਸਵੀਕਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤ 'ਚ ਵੈਨੇਜ਼ੁਏਲਾ ਦੇ ਰਾਜਦੂਤ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਦੋਵੇਂ ਦੇਸ਼ਾਂ ਨੂੰ ਅਮਰੀਕਾ ਵੱਲੋਂ ਲਗਾਈ ਗਈ ਪਾਬੰਦੀ ਤੋਂ ਬਚਾਇਆ ਜਾ ਸਕੇਗਾ। ਭਾਰਤ 'ਚ ਵੈਨੇਜ਼ੁਏਲਾ ਦੇ ਰਾਜਦੂਤ ਅਗਸਤੋ ਮੋਂਟੀਅਲ ਨੇ ਕਿਹਾ ਕਿ ਅਮਰੀਕਾ ਦੀ ਪਾਬੰਦੀ ਨਾਲ ਉਨ੍ਹਾਂ ਦੇ ਦੇਸ਼ 'ਚ ਕੱਚੇ ਤੇਲ ਦਾ ਉਤਪਾਦਨ ਪ੍ਰਭਾਵਿਤ ਹੋਇਆ ਹੈ। ਰਾਜਦੂਤ ਨੇ ਉਨ੍ਹਾਂ ਦੇ ਘਰੇਲੂ ਮਾਮਲਿਆਂ 'ਚ ਦਖਲਅੰਦਾਜ਼ੀ ਕਰਨ 'ਤੇ ਅਮਰੀਕਾ ਦੀ ਆਲੋਚਨਾ ਕੀਤੀ।

ਵੈਨੂਜ਼ਏਲਾ ਚਾਹੁੰਦਾ ਹੈ ਕਿ ਭਾਰਤ ਉਸ ਤੋਂ ਤੇਲ ਖਰੀਦੇ ਅਤੇ ਰੁਪਏ 'ਚ ਭੁਗਤਾਨ ਕਰੇ। ਇਸ ਰਾਸ਼ੀ ਨਾਲ ਇਹ ਦੱਖਣੀ ਅਮਰੀਕੀ ਦੇਸ਼ ਭਾਰਤ ਤੋਂ ਖੁਰਾਕੀ ਉਤਪਾਦ ਅਤੇ ਦਵਾਈਆਂ ਖਰੀਦ ਸਕਦਾ ਹੈ। ਵੈਨੇਜ਼ੁਏਲਾ ਨੇ ਇਸ ਤਰ੍ਹਾਂ ਦੀ ਵਿਵਸਥਾ ਤੁਰਕੀ, ਚੀਨ ਅਤੇ ਰੂਸ ਨਾਲ ਵੀ ਕੀਤੀ ਹੈ। ਭਾਰਤ ਨਾਲ ਇਸ ਤਰ੍ਹਾਂ ਦੇ ਭੁਗਤਾਨ ਲਈ ਮਾਰਚ 'ਚ ਚਰਚਾ ਕੀਤੀ ਗਈ ਸੀ। ਵਿੱਤ ਅਤੇ ਪੈਟਰੋਲੀਅਮ ਮੰਤਰਾਲੇ ਦੇ ਨਾਲ ਇਹ ਚਰਚਾ ਹੋਈ ਸੀ। ਮੰਗਲਵਾਰ ਨੂੰ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਮੋਂਟੀਅਲ ਨੇ ਕਿਹਾ ਕਿ ਭਾਰਤ ਅਤੇ ਵੈਨੇਜ਼ੁਏਲਾ ਪਾਬੰਦੀਆਂ ਤੋਂ ਬਚਣ ਦਾ ਰਸਤਾ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਭਾਰਤ ਨੂੰ ਆਪਣੀ ਜ਼ਰੂਰਤ ਦਾ ਜ਼ਿਆਦਾਤਰ ਤੇਲ ਇੰਪੋਰਟ ਕਰਨਾ ਪੈਂਦਾ ਹੈ ਅਤੇ ਇੰਪੋਰਟ ਕੀਤੇ ਗਏ ਤੇਲ ਦਾ ਭੁਗਤਾਨ ਡਾਲਰ 'ਚ ਕੀਤਾ ਜਾਂਦਾ ਹੈ। ਡਾਲਰ 'ਚ ਭੁਗਤਾਨ ਕਰਨ ਲਈ ਰੁਪਿਆ ਵੇਚ ਕੇ ਡਾਲਰ ਖਰੀਦਣਾ ਪੈਂਦਾ ਹੈ, ਜਿਸ ਕਾਰਨ ਰੁਪਏ 'ਤੇ ਦਬਾਅ ਵਧਦਾ ਹੈ ਅਤੇ ਡਾਲਰ ਨੂੰ ਮਜ਼ਬੂਤੀ ਮਿਲਦੀ ਹੈ ਪਰ ਹੁਣ ਕਿਉਂਕਿ ਵੈਨੂਜ਼ਏਲਾ ਰੁਪਏ 'ਚ ਭੁਗਤਾਨ ਸਵੀਕਾਰ ਕਰਨ ਲਈ ਰਾਜ਼ੀ ਹੋ ਗਿਆ ਹੈ ਤਾਂ ਉਸ ਤੋਂ ਤੇਲ ਖਰੀਦਣ ਲਈ ਡਾਲਰ ਦੀ ਜ਼ਰੂਰਤ ਨਹੀਂ ਹੋਵੇਗੀ। ਮੌਜੂਦਾ ਸਮੇਂ ਵੈਨੇਜ਼ੁਏਲਾ ਬਹੁਤ ਖਰਾਬ ਆਰਥਿਕ ਹਾਲਾਤ ਨਾਲ ਜੂਝ ਰਿਹਾ ਹੈ ਅਤੇ ਉਹ ਹਰ ਸਥਿਤੀ 'ਚ ਆਪਣੇ ਤੇਲ ਦੀ ਸਪਲਾਈ ਵਧਾਉਣਾ ਚਾਹੁੰਦਾ ਹੈ। ਅਜਿਹੇ 'ਚ ਉਹ ਭਾਰਤ ਨੂੰ ਘੱਟ ਕੀਮਤ 'ਤੇ ਤੇਲ ਵੇਚਣ ਲਈ ਵੀ ਰਾਜ਼ੀ ਹੋ ਸਕਦਾ ਹੈ।