ਹੁਣ ਡਲਿਵਰੀ ਕਰਨ ਲਈ ਵਰਤੋਂ ''ਚ ਲਿਆਂਦੇ ਜਾਣਗੇ ਇਲੈਕਟ੍ਰਿਕ ਟਰੱਕ

05/15/2018 10:26:25 AM

ਜਲੰਧਰ— ਅਮਰੀਕੀ ਮਲਟੀਨੈਸ਼ਨਲ ਪੈਕੇਜ ਡਲਿਵਰੀ ਸਰਵਿਸ UPS ਨੇ ਸਟਾਰਟਅਪ ਕੰਪਨੀ ਨਾਲ ਮਿਲ ਕੇ ਨਵੇਂ ਇਲੈਕਟ੍ਰਿਕ ਡਲਿਵਰੀ ਟਰੱਕ ਵਿਕਸਿਤ ਕੀਤੇ ਹਨ, ਜੋ ਸ਼ਹਿਰ ਵਿਚ ਬਿਨਾਂ ਪ੍ਰਦੂਸ਼ਣ ਕੀਤਿਆਂ ਸਾਮਾਨ ਪਹੁੰਚਾਉਣ 'ਚ ਮਦਦ ਕਰਨਗੇ। UPS ਨੇ ਦੱਸਿਆ ਕਿ ਇਹ ਟਰੱਕ ਇਕ ਵਾਰ ਵਿਚ ਈਂਧਨ ਨਾਲ ਚੱਲਣ ਵਾਲੇ ਕਿਸੇ ਵੀ ਡਲਿਵਰੀ ਟਰੱਕ ਨਾਲੋਂ ਜ਼ਿਆਦਾ ਦੂਰੀ ਤਹਿ ਕਰ ਸਕਦੇ ਹਨ। ਇਕ ਵਾਰ ਫੁੱਲ ਚਾਰਜ ਕਰ ਕੇ ਅਜਿਹਾ ਟਰੱਕ 240 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ। ਇਸ ਦਾ ਡਿਜ਼ਾਈਨ UPS ਨੇ ਇਲੈਕਟ੍ਰਿਕ ਵੈਨ ਨਿਰਮਾਤਾ ਕੰਪਨੀ ਅਰਾਈਵਲ ਨਾਲ ਮਿਲ ਕੇ ਬਣਾਇਆ ਹੈ। ਇਨ੍ਹਾਂ ਈ-ਟਰੱਕਾਂ ਨੂੰ ਇਸੇ ਸਾਲ ਲੰਡਨ ਤੇ ਪੈਰਿਸ ਵਿਚ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ।

ਬਣਾਏ ਜਾਣਗੇ 35 ਈ-ਟਰੱਕ
UPS ਕੰਪਨੀ ਨੇ ਐਨਗੈਜ਼ੇਟ ਨੂੰ ਦੱਸਿਆ ਹੈ ਕਿ 35 ਲਾਈਟਵੇਟ ਇਲੈਕਟ੍ਰਿਕ ਟਰੱਕ ਬਣਾਏ ਜਾਣਗੇ। ਇਨ੍ਹਾਂ ਵਿਚ ਉੱਚ ਤਕਨੀਕ ਵਾਲੀ ਵ੍ਹੀਕਲ ਡਿਸਪਲੇਅ ਲੱਗੀ ਹੋਵੇਗੀ, ਨਾਲ ਹੀ ਇਹ ਟਰੱਕ ਸੇਫਟੀ ਫੀਚਰਜ਼ ਨਾਲ ਵੀ ਲੈਸ ਹੋਣਗੇ।
ਇਸ ਤੋਂ ਇਲਾਵਾ ਕੰਪਨੀ ਨੇ ਫਿਲਹਾਲ ਇਨ੍ਹਾਂ ਦੀਆਂ ਸਪੈਸੀਫਿਕੇਸ਼ਨਜ਼ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ। ਸਿਰਫ ਇੰਨਾ ਦੱਸਿਆ ਹੈ ਕਿ ਇਸ ਦੇ ਫਰੰਟ 'ਚ ਰੈਪ-ਅਰਾਊਂਡ ਵਿੰਡਸ਼ੀਲਡ ਲੱਗੀ ਹੈ, ਜੋ ਡਰਾਈਵਰ ਨੂੰ ਸੜਕ ਦਾ ਜ਼ਿਆਦਾ ਦ੍ਰਿਸ਼ ਦਿਖਾਉਣ 'ਚ ਕਾਫੀ ਮਦਦ ਕਰਦੀ ਹੈ।
UPS ਨੇ ਕਿਹਾ ਹੈ ਕਿ ਸਾਡਾ ਕਾਰੋਬਾਰ ਪੂਰੀ ਤਰ੍ਹਾਂ ਈਂਧਨ ਨਾਲ ਚੱਲਣ ਵਾਲੇ ਵਾਹਨਾਂ 'ਤੇ ਨਿਰਭਰ ਕਰਦਾ ਹੈ, ਜਿਸ ਕਾਰਨ ਹੁਣ ਅਸੀਂ ਇਕ ਹੋਰ ਬਦਲ ਦੀ ਭਾਲ ਵਿਚ ਇਹ ਇਲੈਕਟ੍ਰਿਕ ਡਲਿਵਰੀ ਟਰੱਕ ਬਣਵਾਏ ਹਨ। ਅਸੀਂ ਸਾਲ 2009 ਵਿਚ ਆਲਟਰਨੇਟਿਵ ਫਿਊਲ ਤੇ ਐਡਵਾਂਸ ਟੈਕਨਾਲੋਜੀ ਵ੍ਹੀਕਲਜ਼ ਪ੍ਰਾਜੈਕਟ ਵਿਚ 750 ਮਿਲੀਅਨ ਅਮਰੀਕੀ ਡਾਲਰ ਨਿਵੇਸ਼ ਕੀਤੇ ਸਨ। ਹੁਣ ਤਕ ਅਸੀਂ ਵਰਕਹਾਊਸ ਗਰੁੱਪ ਤੋਂ 50 ਇਲੈਕਟ੍ਰਿਕ ਟਰੱਕ ਖਰੀਦ ਚੁੱਕੇ ਹਾਂ। ਇਸ ਤੋਂ ਇਲਾਵਾ ਅਸੀਂ ਵੱਖਰੇ ਤੌਰ 'ਤੇ 125 ਟੈਸਲਾ ਸੈਮੀ ਟਰੱਕਾਂ ਦੇ ਆਰਡਰ ਵੀ ਦਿੱਤੇ ਹਨ।