ਟਰੈਕਟਰ ਤੇ ਕਾਰ ਦੀ ਟੱਕਰ ''ਚ ਨੌਜਵਾਨ ਦੀ ਮੌਤ

05/20/2018 4:14:02 PM

ਬਟਾਲਾ (ਬੇਰੀ) : ਅੱਡਾ ਦਾਲਮ ਦੇ ਨਜ਼ਦੀਕ ਇਕ ਟਰੈਕਟਰ ਤੇ ਮਾਰੂਤੀ ਕਾਰ 'ਚ ਹੋਈ ਟੱਕਰ ਕਾਰਨ ਇਕ ਨੌਜਵਾਨ ਦੀ ਮੌਤ ਹੋਣ ਹੋ ਗਈ। ਜਾਣਕਾਰੀ ਅਨੁਸਾਰ ਸੰਦੀਪ ਕੁਮਾਰ ਪੁੱਤਰ ਗੁਰਬਖਸ਼ ਰਾਏ ਵਾਸੀ ਪ੍ਰੇਮ ਨਗਰ ਬਟਾਲਾ ਜੋ ਕਿ ਐਤਵਾਰ ਸਵੇਰੇ 9 ਵਜੇ ਬਟਾਲਾ ਤੋਂ ਕੋਟਲੀ ਸੂਰਤ ਮੱਲੀ ਵਿਖੇ ਆਪਣੀ ਮਾਰੂਤੀ ਕਾਰ ਨੰ. ਪੀ.ਬੀ.27-ਬੀ-0676 'ਤੇ ਸਵਾਰ ਹੋ ਕੇ ਜਾ ਰਿਹਾ ਸੀ ਜਦੋਂ ਉਹ ਅੱਡਾ ਦਾਲਮ ਤੋਂ ਅੱਗੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਟ੍ਰੈਕਟਰ ਨਾਲ ਉਸਦੀ ਟੱਕਰ ਹੋ ਗਈ ਅਤੇ ਕਾਰ ਸੜਕ ਤੋਂ ਉਤਰ ਕੇ ਟੋਏ 'ਚ ਜਾ ਡਿੱਗੀ। ਉਪਰੰਤ ਸਥਾਨਕ ਲੋਕਾਂ ਵਲੋਂ ਸੰਦੀਪ ਕੁਮਾਰ ਨੂੰ ਜ਼ਖਮੀ ਹਾਲਤ 'ਚ ਭਾਰੀ ਜਦੋ ਜਹਿਦ ਨਾਲ ਕਾਰ 'ਚੋਂ ਕੱਢਿਆ ਅਤੇ ਅੰਮ੍ਰਿਤਸਰ ਵਿਖੇ ਇਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। 
ਹਾਦਸੇ ਵਾਲੀ ਜਗ੍ਹਾ 'ਤੇ ਮੌਕੇ 'ਤੇ ਪਹੁੰਚੀ ਕਿਲਾ ਲਾਲ ਸਿੰਘ ਦੀ ਪੁਲਸ ਵਲੋਂ ਦੋਵੇਂ ਵਾਹਨਾਂ ਨੂੰ ਕਬਜ਼ੇ 'ਚ ਲੈ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਜਦਕਿ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਸੰਦੀਪ ਕੁਮਾਰ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਲਿਆਂਦੀ ਗਈ ਹੈ। ਮ੍ਰਿਤਕ ਸੰਦੀਪ ਕੁਮਾਰ ਆਪਣੇ ਪਿਛੇ ਆਪਣੀ ਪਤਨੀ ਅਤੇ ਦੋ ਸਾਲਾਂ ਦਾ ਇਕ ਲੜਕਾ ਛੱਡ ਗਿਆ ਹੈ।