ਵਟਸਐਪ ਗਰੁੱਪ ''ਚੋਂ ਕੀਤਾ ਰੀਮੂਵ ਤਾਂ ਐਡਮਿਨ ਨੂੰ ਤੇਜ਼ਧਾਰ ਹਥਿਆਰ ਨਾਲ ਵੱਢਿਆ

05/22/2018 8:29:06 PM

ਮੁੰਬਈ— ਮੈਸੇਜਿੰਗ ਐਪ ਵਟਸਐਪ 'ਤੇ ਇਕ ਗਰੁੱਪ 'ਚੋਂ ਇਕ ਨੌਜਵਾਨ ਨੂੰ ਹਟਾਉਣ 'ਤੇ ਉਸ ਦੇ 'ਐਡਮਿਨ' 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਅਹਿਮਦਨਗਰ ਦੇ ਰਹਿਣ ਵਾਲੇ 18 ਸਾਲਾਂ ਚੈਤਨਯ ਸ਼ਿਵਾਜੀ ਭੋਰ 'ਤੇ ਤਿੰਨ ਲੋਕਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ 17 ਮਈ ਦਾ ਰਾਤ ਨੂੰ ਅਹਿਮਦਨਗਰ-ਮਨਮਾਡ ਸੜਕ 'ਤੇ ਹੋਈ।
ਅਹਿਮਦਨਗਰ ਦੇ ਇਕ ਖੇਤੀਬਾੜੀ ਕਾਲਜ 'ਚ ਪੜਨ ਵਾਲੇ ਚੈਤਨਯ ਨੇ ਵਟਸਐਪ 'ਤੇ ਇਕ ਗਰੁੱਪ ਬਣਾਇਆ ਸੀ ਤੇ ਕਾਲਜ ਦੇ ਦੂਜੇ ਵਿਦਿਆਰਥੀ ਵੀ ਉਸ ਗਰੁੱਪ ਦੇ ਮੈਂਬਰ ਸਨ। ਪੁਲਸ ਨੇ ਦੱਸਿਆ ਕਿ ਚੈਤਨਯ ਨੇ ਹਾਲ ਹੀ 'ਚ ਸਚਿਨ ਨਾਂ ਦੇ ਲੜਕੇ ਨੂੰ ਕਾਲਜ ਛੱਡਣ 'ਤੇ ਗਰੁੱਪ 'ਚੋਂ ਹਟਾ ਦਿੱਤਾ ਸੀ, ਜਿਸ ਤੋਂ ਨਾਰਾਜ਼ ਸਚਿਨ ਨੇ ਇਸ ਅਪਮਾਨ ਦਾ ਬਦਲਾ ਲੈਣ ਦੀ ਠਾਣ ਲਈ। 17 ਮਈ ਨੂੰ ਸਚਿਨ ਦੇ ਦੋਸਤ ਅਮੋਲ ਤੇ ਦੋ ਹੋਰ ਲੋਕ ਕੈਨਟੀਨ 'ਚ ਗਏ, ਜਿਥੇ ਚੈਤਨਯ ਖਾਣਾ ਖਾ ਰਿਹਾ ਸੀ ਤੇ ਉਨ੍ਹਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਅਮੋਲ ਨੇ ਚੈਤਨਯ ਦੇ ਪੇਟ, ਮੁੰਹ ਤੇ ਪਿੱਠ 'ਤੇ ਤੇਜ਼ਦਾਰ ਹਥਿਆਰ ਨਾਲ ਵਾਰ ਕੀਤੇ। 
ਨੇਵਾਸਾ ਤਹਿਸੀਲ ਦੇ ਸੋਨਈ ਪਿੰਡ ਦੇ ਰਹਿਣ ਵਾਲੇ ਹਮਲਾਵਰ ਚੈਤਨਯ 'ਤੇ ਹਮਲਾ ਕਰਨ ਤੋਂ ਬਾਅਦ ਫਰਾਰ ਹੋ ਗਏ। ਹਮਲੇ 'ਚ ਗੰਭੀਰ ਜ਼ਖਮੀ ਹੋਏ ਚੈਤਨਯ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਬਾਅਦ 'ਚ ਉਸ ਨੂੰ ਪੁਣੇ ਦੇ ਹਸਪਤਾਲ ਭੇਜ ਦਿੱਤਾ ਗਿਆ। ਅਹਿਮਦਨਗਰ ਦੇ ਐਮ.ਆਈ.ਡੀ.ਸੀ. ਪੁਲਸ ਥਾਣੇ ਦੇ ਸੀਨੀਅਰ ਪੁਲਸ ਅਧਿਕਾਰੀ ਵਿਨੋਦ ਚਵਹਾਣ ਨੇ ਦੱਸਿਆ ਕਿ ਚੈਤਨਯ ਦੇ ਸ਼ਿਕਾਇਤ ਦਾਇਰ ਕਰਨ ਤੋਂ ਬਾਅਦ ਸਚਿਨ, ਅਮੋਲ ਤੇ ਦੋ ਹੋਰਾਂ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 307 ਤੇ ਹਥਿਆਰ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।