ਚੀਨ ਤੋਂ ਹਾਰ ਕੇ ਭਾਰਤ ਥਾਮਸ ਕੱਪ ਤੋਂ ਬਾਹਰ

05/23/2018 10:27:58 AM

ਬੈਂਕਾਕ (ਬਿਊਰੋ)— ਭਾਰਤੀ ਪੁਰਸ਼ ਟੀਮ ਬੈਡਮਿੰਟਨ ਦੇ ਪਾਵਰ ਹਾਉਸ ਚੀਨ ਤੋਂ ਮੰਗਲਵਾਰ ਨੂੰ 0-5 ਨਾਲ ਹਾਰਕੇ ਥਾਮਸ ਕੱਪ ਬੈਡਮਿੰਟਨ ਮੁਕਾਬਲੇ ਦੇ ਕੁਆਰਟਰਫਾਈਨਲ ਦੀ ਹੋੜ ਤੋਂ ਬਾਹਰ ਹੋ ਗਈ । ਭਾਰਤ ਨੇ ਗਰੁਪ ਏ ਵਿੱਚ ਆਪਣਾ ਪਹਿਲਾ ਮੁਕਾਬਲਾ 1-4 ਨਾਲ ਗੁਆਇਆ ਸੀ ਪਰ ਦੂਜੇ ਮੁਕਾਬਲੇ ਵਿੱਚ ਉਸ ਨੇ ਆਸਟਰੇਲੀਆ ਨੂੰ 5-0 ਨਾਲ ਹਰਾਕੇ ਵਾਪਸੀ ਕੀਤੀ ਸੀ । ਤੀਜੇ ਮੁਕਾਬਲੇ ਵਿੱਚ ਉਸ ਦੀ ਭੇੜ ਚੀਨ ਨਾਲ ਹੋਈ ਅਤੇ ਉਸਦਾ ਨਾਕਆਉਟ ਵਿੱਚ ਜਾਣ ਦਾ ਸੁਪਨਾ ਟੁੱਟ ਗਿਆ ।  

ਭਾਰਤੀ ਟੀਮ ਗਰੁਪ ਵਿੱਚ ਚੀਨ ਅਤੇ ਫ਼ਰਾਂਸ  ਦੇ ਬਾਅਦ ਤੀਸਰੇ ਸਥਾਨ ਉੱਤੇ ਰਹੀ ।  ਗਰੁਪ 'ਚੋਂ ਸਿਖਰਲੀਆਂ ਦੋ ਟੀਮਾਂ ਕੁਆਰਟਰਫਾਈਨਲ ਵਿੱਚ ਪਹੁੰਚੀਆਂ । ਭਾਰਤ ਦੇ ਐੱਚ ਐੱਸ ਪ੍ਰਣਯ ਨੂੰ ਚੀਨ ਦੇ ਚੇਨ ਲੋਂਗ ਨੇ ਸਿਰਫ 28 ਮਿੰਟ ਵਿੱਚ 21-9, 21-9 ਨਾਲ ਹਰਾ ਦਿੱਤਾ । ਦੂਜੇ ਮੈਚ ਵਿੱਚ ਅਰੁਣ ਐੱਮ. ਆਰ. ਅਤੇ ਰਾਮਚੰਦਰਨ ਸ਼ਲੋਕ ਨੂੰ ਚੀਨੀ ਜੋੜੀ ਲਿਊ ਚੇਂਗ ਅਤੇ ਝਾਂਗ ਨੇਨ ਨੇ 34 ਮਿੰਟ ਵਿੱਚ 21-12, 21-15 ਨਾਲ ਹਰਾ ਦਿੱਤਾ । ਤੀਜੇ ਮੈਚ ਵਿੱਚ ਬੀ ਸਾਈ ਪ੍ਰਣੀਤ ਨੂੰ ਸ਼ੀ ਯੂਕੀ ਨੇ 58 ਮਿੰਟ ਵਿੱਚ 21-9, 15-21, 2-12 ਨਾਲ ਹਾਰ ਕੇ ਚੀਨ ਨੂੰ 3-0 ਦੀ ਅਜੇਤੂ ਬੜ੍ਹਤ ਦਿਵਾ ਦਿੱਤੀ ।    

ਅਰੁਣ ਜਾਰਜ ਅਤੇ ਸੰਯਮ ਸ਼ੁਕਲਾ ਨੇ ਚੌਥੇ ਮੈਚ ਵਿੱਚ 53 ਮਿੰਟ ਤੱਕ ਸੰਘਰਸ਼ ਕੀਤਾ ਪਰ ਚੀਨੀ ਜੋੜੀ ਲੀ ਜੁਨਹੁਈ ਅਤੇ ਲਿਊ ਯੂਚੇਨ ਨੇ 21-15, 20-22, 21-15 ਨਾਲ ਬਾਜ਼ੀ ਮਾਰ ਲਈ । ਪੰਜਵੇਂ ਮੈਚ ਵਿੱਚ 17 ਸਾਲਾਂ ਦੇ ਲਕਸ਼ ਸੇਨ ਦਾ ਮੁਕਾਬਲਾ ਦਿੱਗਜ ਖਿਡਾਰੀ ਲਿਨ ਡੈਨ ਨਾਲ ਹੋਇਆ । ਲਕਸ਼ ਨੇ ਪਹਿਲਾ ਗੇਮ 21-16 ਨਾਲ ਜਿਤਿਆ ਪਰ ਦੂਜਾ ਗੇਮ 9-21 ਨਾਲ ਗੁਆ ਬੈਠੇ। ਉਹ ਫੈਸਲਾਕੁੰਨ ਗੇਮ 8-21 ਨਾਲ ਹਾਰ ਗਏ । ਲਿਨ ਡੈਨ ਨੇ ਇਹ ਮੁਕਾਬਲਾ 51 ਮਿੰਟ ਵਿੱਚ ਜਿੱਤਿਆ।