ਚੀਤੇ ਦੀ ਅਫਵਾਹ ਨੇ ਪੁਲਸ ਨੂੰ ਪਾਈਅਾਂ ਭਾਜੜਾਂ

05/15/2018 1:27:21 AM

ਅਹਿਮਦਗਡ਼੍ਹ,   (ਜ.ਬ.)–  ਸ਼ਹਿਰ ਵਿਖੇ ਉਸ ਸਮੇਂ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇਹ ਅਫਵਾਹ ਫੈਲ  ਗਈ ਕਿ ਵਾਰਡ ਨੰ. 7,8 ਅਤੇ 9 ਛੰਨਾ ਰੋਡ ਵਿਖੇ ਸਡ਼ਕ ’ਤੇ ਚੀਤਾ ਘੁੰਮ ਰਿਹਾ ਹੈ। ਇਹ ਸੁਣਦਿਆਂ ਹੀ ਸ਼ਹਿਰ ਵਾਸੀਆਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਅਤੇ ਲਾਊਡ ਸਪੀਕਰਾਂ ’ਤੇ ਵੀ ਇਸ ਦੀ ਜਾਣਕਾਰੀ ਦਿੱਤੀ ਗਈ।  ਲੋਕਾਂ ਨੇ ਆਪਣੇ ਬੱਚਿਅਾਂ ਨੂੰ 2 ਘੰਟੇ ਤੱਕ ਬਾਹਰ ਨਹੀਂ ਨਿਕਲਣ ਦਿੱਤਾ। 
ਇਹ ਖਬਰ ਮਿਲਦਿਅਾਂ ਹੀ ਥਾਣਾ ਸਿਟੀ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਪੁਲਸ ਪਾਰਟੀ ਸਣੇ ਮੌਕੇ ’ਤੇ ਪਹੁੰਚੇ ਅਤੇ ਚੀਤੇ ਨੂੰ ਫਡ਼ਨ ਲਈ 2 ਘੰਟੇ ਤੱਕ ਜੱਦੋ-ਜਹਿਦ ਕਰਦੇ ਦੇਖੇ ਗਏ। ਵਾਰਡ ਨੰ 7 ਦੇ ਇਕ ਖਾਲੀ ਪਏ ਪਲਾਟ ਵਿਚ ਜਦੋਂ ਸਰਚ ਕੀਤੀ ਗਈ ਤਾਂ ਚੀਤਾ ਤਾਂ ਨਹੀਂ  ਮਿਲਿਆ ਪਰ ਉਸ ਦੀ ਥਾਂ ’ਤੇ ਇੱਕ ਜੰਗਲੀ ਬਿੱਲਾ ਸੀ, ਜੋ ਭੱਜ ਕੇ ਸ਼ਹਿਰ ਦੇ ਬਾਹਰ  ਚਲਿਆ ਗਿਆ, ਜਿਸ  ਤੋਂ ਬਾਅਦ ਸ਼ਹਿਰ ਵਾਸੀਅਾਂ ਨੇ ਸੁੱਖ ਦਾ ਸਾਹ ਲਿਆ ਅਤੇ ਜਨ-ਜੀਵਨ ਆਮ ਵਾਂਗ ਹੋ ਗਿਆ।