453ਵੇਂ ਰੈਂਕ ਦੀ ਸੇਰੇਨਾ ਨੂੰ ਫ੍ਰੈਂਚ ਓਪਨ  ''ਚ ਨਹੀਂ ਮਿਲਿਆ ਦਰਜਾ

05/22/2018 11:53:06 PM

ਪੈਰਿਸ—ਸਾਬਕਾ ਨੰਬਰ ਇਕ ਖਿਡਾਰਨ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੂੰ 27 ਮਈ ਤੋਂ 10 ਜੂਨ ਤਕ ਚੱਲਣ ਵਾਲੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ 'ਚ ਉਸ ਦੀ ਹੇਠਲੀ ਰੈਂਕਿੰਗ ਕਾਰਨ ਇਸ ਸਾਲ ਕੋਈ ਦਰਜਾ ਨਹੀਂ ਦਿੱਤਾ ਜਾਵੇਗਾ।
ਕਲੇਅ ਕੋਰਟ ਗ੍ਰੈਂਡ ਸਲੈਮ ਆਯੋਜਕਾਂ ਨੇ ਮੰਗਲਵਾਰ ਇਸ ਦੀ ਜਾਣਕਾਰੀ ਦਿੱਤੀ। ਤਿੰਨ ਵਾਰ ਦੀ ਫ੍ਰੈਂਚ ਓਪਨ ਚੈਂਪੀਅਨ ਸੇਰੇਨਾ ਸਾਲ 2017 ਵਿਚ ਆਸਟਰੇਲੀਅਨ ਓਪਨ ਜਿੱਤਣ ਤੋਂ ਬਾਅਦ ਗਰਭਵਤੀ ਹੋਣ ਕਾਰਨ ਕਾਫੀ ਸਮੇਂ ਤੋਂ ਕੋਰਟ 'ਚੋਂ ਬਾਹਰ ਰਹੀ ਸੀ। ਉਸ ਨੇ ਇਸ ਸਾਲ ਮਾਰਚ 'ਚ ਫਿਰ ਤੋਂ ਵਾਪਸੀ ਕੀਤੀ ਪਰ ਇੰਡੀਅਨ ਵੇਲਸ ਤੇ ਮਿਆਮੀ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 
36 ਸਾਲਾ ਖਿਡਾਰਨ ਨੇ ਇਸ ਸਾਲ ਮੈਡ੍ਰਿਡ ਤੇ ਰੋਮ ਕਲੇਅ ਕੋਰਟ ਟੂਰਨਾਮੈਂਟਾਂ ਤੋਂ ਵੀ ਨਾਂ ਵਾਪਸ ਲੈ ਲਿਆ ਸੀ ਤੇ 23 ਵਾਰ ਦੀ ਚੈਂਪੀਅਨ ਇਸ ਕਾਰਨ ਵਿਸ਼ਵ  ਰੈਂਕਿੰਗ ਵਿਚ 453ਵੇਂ ਨੰਬਰ 'ਤੇ ਖਿਸਕ ਗਈ ਹੈ। ਖਰਾਬ ਰੈਂਕਿੰਗ ਕਾਰਨ ਸਭ ਤੋਂ ਸਫਲ ਮਹਿਲਾ ਟੈਨਿਸ ਖਿਡਾਰਨ ਨੂੰ ਇਸ ਸਾਲ ਗ੍ਰੈਂਡ ਸਲੈਮ ਵਿਚ ਦਰਜਾ ਪ੍ਰਾਪਤ ਖਿਡਾਰੀਆਂ ਦੀ ਸੂਚੀ 'ਚੋਂ ਬਾਹਰ  ਰੱਖਿਆ ਗਿਆ ਹੈ। 
ਪਿਛਲੇ ਸਾਲ ਸਤੰਬਰ ਵਿਚ ਅਲੈਕਸਿਸ ਓਹਾਨੀਅਨ ਨਾਲ ਵਿਆਹ ਕਰਨ ਅਤੇ ਪਹਿਲੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਸੇਰੇਨਾ ਨੂੰ ਹਾਲਾਂਕਿ ਡਬਲਯੂ. ਟੀ. ਏ. ਦੀ ਵਿਸ਼ੇਸ਼ ਰੈਂਕਿੰਗ ਦੇ ਆਧਾਰ 'ਤੇ ਇਸ ਸਾਲ ਦੇ ਰੋਲਾਂ ਗੈਰਾਂ ਵਿਚ ਖੇਡਣ ਦਾ ਮੌਕਾ ਦਿੱਤਾ ਜਾਵੇਗਾ, ਜਿਹੜਾ ਖਿਡਾਰੀਆਂ ਨੂੰ ਲੰਬੇ ਸਮੇਂ ਤੋਂ ਬਾਅਦ ਵਾਪਸੀ ਕਰਨ ਤੇ ਹੇਠੇਲੀ ਰੈਂਕਿੰਗ ਦੇ ਬਾਵਜੂਦ ਖੇਡਣ ਦਾ ਮੌਕਾ ਦਿੰਦਾ ਹੈ।