ਸਿਡਨੀ ''ਚ ਲਾਪਤਾ ਹੋਇਆ 10 ਸਾਲਾ ਮੁੰਡਾ, ਮਾਪੇ ਪਰੇਸ਼ਾਨ

05/24/2018 5:47:20 PM

ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਬੁੱਧਵਾਰ ਦੀ ਦੁਪਹਿਰ ਭਾਵ ਕੱਲ ਇਕ 10 ਸਾਲਾ ਮੁੰਡਾ ਲਾਪਤਾ ਹੋ ਗਿਆ। ਪੁਲਸ ਨੇ ਲਾਪਤਾ ਮੁੰਡੇ ਲਈ ਜ਼ਰੂਰੀ ਅਲਰਟ ਜਾਰੀ ਕੀਤਾ ਹੈ। ਪੁਲਸ ਨੇ ਦੱਸਿਆ ਕਿ ਲਾਪਤਾ ਮੁੰਡੇ ਦਾ ਨਾਂ ਮਾਰੀਓ ਕਾਰੂਸੋ ਹੈ, ਜੋ ਕਿ ਸਿਡਨੀ ਦੇ ਨੌਰਥਨ ਬੀਚ ਤੋਂ ਬੁੱਧਵਾਰ ਨੂੰ ਲਾਪਤਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮਾਰੀਓ ਆਪਣੇ ਪਿਤਾ ਨਾਲ ਵਾਲਟਰ ਗੋਰਸ ਪਾਰਕ 'ਚ ਘੁੰਮਣ ਆਇਆ ਸੀ ਅਤੇ ਲਾਪਤਾ ਹੋ ਗਿਆ। ਜਦੋਂ ਉਸ ਦਾ ਪਿਤਾ ਉਸ ਨੂੰ ਲੱਭਣ 'ਚ ਅਸਫਲ ਰਿਹਾ ਤਾਂ ਉਨ੍ਹਾਂ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਮਾਰੀਓ ਦੇ ਲਾਪਤਾ ਹੋਣ ਕਾਰਨ ਮਾਪੇ ਪਰੇਸ਼ਾਨ ਹਨ, ਕਿਉਂਕਿ ਉਸ ਦੀ ਸਿਹਤ ਠੀਕ ਨਹੀਂ ਹੈ। 
ਪੁਲਸ ਅਧਿਕਾਰੀਆਂ ਮੁਤਾਬਕ ਨੌਰਥਨ ਬੀਚ ਪੁਲਸ ਏਰੀਆ ਕਮਾਂਡਰ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਭਾਈਚਾਰੇ ਨੂੰ ਮਦਦ ਲਈ ਅਪੀਲ ਕੀਤੀ ਗਈ ਹੈ। ਪੁਲਸ ਨੇ ਮਾਰੀਓ ਦੀ ਦਿੱਖ ਬਾਰੇ ਦੱਸਦੇ ਹੋਏ ਕਿਹਾ ਕਿ ਉਹ 155 ਸੈਂਟੀਮੀਟਰ ਲੰਬਾ ਹੈ ਅਤੇ ਉਸ ਦੇ ਕਾਲੇ ਰੰਗ ਦੇ ਛੋਟੇ-ਛੋਟੇ ਵਾਲ ਹਨ। ਜਦੋਂ ਉਸ ਨੂੰ ਆਖਰੀ ਵਾਰ ਦੇਖਿਆ ਗਿਆ ਸੀ ਤਾਂ ਉਸ ਨੇ ਗਰੇਅ ਟੀ-ਸ਼ਰਟ, ਬਲਿਊ ਪੈਂਟ ਅਤੇ ਕਾਲੇ ਬੂਟ ਪਹਿਨੇ ਹੋਏ ਸਨ। ਪੁਲਸ ਦਾ ਕਹਿਣਾ ਹੈ ਕਿ ਜਿਸ ਕਿਸੇ ਨੂੰ ਵੀ ਉਸ ਬਾਰੇ ਕੋਈ ਜਾਣਕਾਰੀ ਮਿਲੇ ਉਹ ਤੁਰੰਤ ਸਾਡੇ ਨਾਲ ਸੰਪਰਕ ਕਾਇਮ ਕਰਨ।