ਸ਼ਹੀਦ-ਏ-ਆਜ਼ਮ ਨੂੰ ਸ਼ਹੀਦ ਦਾ ਦਰਜਾ ਨਾ ਮਿਲਣਾ ਦੁੱਖ ਦੀ ਗੱਲ: ਖਹਿਰਾ (ਵੀਡੀਓ)

05/14/2018 12:56:11 PM

ਨਵਾਂਸ਼ਹਿਰ (ਮਨੋਰੰਜਨ)— ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਆਜ਼ਾਦੀ ਦੇ 70 ਸਾਲ ਬੀਤ ਜਾਣ ਤੋਂ ਬਾਅਦ ਵੀ ਸ਼ਹੀਦ ਦਾ ਦਰਜਾ ਨਾ ਦੇਣਾ ਦੁੱਖ ਦੀ ਗੱਲ ਹੈ। ਸਾਰੀਆਂ ਸਰਕਾਰਾਂ ਨੇ ਸ਼ਹੀਦਾਂ ਦੇ ਨਾਂ 'ਤੇ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਅਤੇ ਉਨ੍ਹਾਂ ਦੇ ਨਾਂ ਦਾ ਲਾਭ ਵੀ ਚੁੱਕਿਆ ਹੈ। ਇਹ ਗੱਲ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਐਤਵਾਰ ਖਟਕੜਕਲਾਂ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ। 
ਖਹਿਰਾ ਜਬਰ ਵਿਰੋਧੀ ਸੰਘਰਸ਼ ਕਮੇਟੀ ਵੱਲੋਂ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਨੂੰ ਆਪਣਾ ਸਮਰਥਨ ਦੇਣ ਪਹੁੰਚੇ ਸਨ। ਸੁਖਪਾਲ ਖਹਿਰਾ ਨੇ ਕਿਹਾ ਕਿ ਜਬਰ ਵਿਰੋਧੀ ਸੰਘਰਸ਼ ਕਮੇਟੀ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਨੂੰ ਅੰਜਾਮ ਤੱਕ ਪਹੁੰਚਾਉਣ 'ਚ ਹਰ ਸੰਭਵ ਆਪਣਾ ਯੋਗਦਾਨ ਪਾਉਣਗੇ। ਪੱਤਰਕਾਰਾਂ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਖਹਿਰਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ 'ਚ ਨਸ਼ੇ ਦੇ ਮਾਮਲੇ 'ਚ ਅਕਾਲੀ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਤੋਂ ਮੁਆਫੀ ਮੰਗੇ ਜਾਣ ਨਾਲ ਸਹਿਮਤ ਨਹੀਂ ਹਨ। ਕਈ ਵਾਰ ਕੁਝ ਮੁੱਦਿਆਂ 'ਤੇ ਪਾਰਟੀ ਦੇ ਨੇਤਾਵਾਂ 'ਚ ਮਤਭੇਦ ਹੋ ਜਾਂਦੇ ਹਨ ਪਰ ਉਂਝ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਾਲ ਇਕਜੁੱਟ ਹੈ। 
ਉਨ੍ਹਾਂ ਨੇ ਕਿਹਾ ਕਿ ਸਾਲ 2019 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਦਿੱਲੀ ਦੀ ਟੀਮ ਅਤੇ ਪੰਜਾਬ ਟੀਮ ਦੇ ਨੇਤਾ ਆਪਸੀ ਤਾਲਮੇਲ ਨਾਲ ਚੋਣਾਂ ਲੜਣਗੇ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਡਰੱਗ 'ਤੇ ਹੋਈ ਰਿਸਰਚ 'ਚ ਪਤਾ ਲੱਗਾ ਹੈ ਕਿ ਅਜੇ ਤੱਕ ਪ੍ਰਦੇਸ਼ 'ਚ ਨਸ਼ਾ ਚੱਲ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹਨ ਕਿ ਸਰਕਾਰ ਨੇ 52 ਹਜ਼ਾਰ ਤਸਕਰਾਂ ਨੂੰ ਫੜ ਲਿਆ ਹੈ, ਵੱਡੇ ਤਸਕਰ ਪੰਜਾਬ ਛੱਡ ਕੇ ਚਲੇ ਗਏ ਹਨ। ਸਰਕਾਰ ਨੇ ਕਿਸੇ ਵੀ ਵੱਡੇ ਤਸਕਰ ਨੂੰ ਨਹੀਂ ਫੜਿਆ ਹੈ।