ਲੋਕਾਂ ਦਾ ਸੜਕਾਂ ''ਤੇ ਉਤਰਨਾ ਦਰਸਾਉਂਦਾ ਹੈ ਸਰਕਾਰਾਂ ਦੀ ਮਾਨਸਿਕਤਾ: ਛੋਟੇਪੁਰ

05/22/2018 5:54:43 AM

ਨਵਾਂਸ਼ਹਿਰ (ਤ੍ਰਿਪਾਠੀ)— ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ 8 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਦੀ ਮੰਗ ਦਾ ਸਮਰਥਨ ਕਰਨ ਲਈ ਬੀਤੇ ਦਿਨ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਰੋਸ ਧਰਨੇ 'ਤੇ ਪਹੁੰਚੇ। ਛੋਟੇਪੁਰ ਨੇ ਕਿਹਾ ਜਿਹੜੇ ਸ਼ਹੀਦਾਂ ਨੇ ਭਾਰਤ ਦੀ ਸੁਤੰਤਰਤਾ ਦੇ ਸੁਪਨੇ ਦੇਖਦੇ ਹੋਏ ਖੁਦ ਨੂੰ ਫਾਂਸੀ ਦੇ ਫਾਹੇ 'ਤੇ ਲਟਕਾ ਦਿੱਤਾ, ਅੱਜ ਉਨ੍ਹਾਂ ਸ਼ਹੀਦਾਂ ਨੂੰ ਸਰਕਾਰੀ ਤੌਰ 'ਤੇ ਸ਼ਹੀਦ ਦਾ ਦਰਜਾ ਹਾਸਲ ਕਰਵਾਉਣ ਲਈ ਲੋਕਾਂ ਨੂੰ ਸੜਕਾਂ 'ਤੇ ਜੇਕਰ ਉਤਰਨਾ ਪੈ ਰਿਹਾ ਹੈ ਤਾਂ ਇਹ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਸ਼ਹੀਦਾਂ ਪ੍ਰਤੀ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਇਸ ਮੌਕੇ 'ਤੇ ਜਸਵੰਤ ਸਿੰਘ ਭਾਟਰਾ ਨੇ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਤਿੱਖਾ ਵਾਰ ਕਰਦੇ ਹੋਏ ਕਿਹਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਜੋ ਪਾਰਟੀ ਮੋਹਾਲੀ ਏਅਰਪੋਰਟ ਦਾ ਨਾਂ ਰੱਖਣ ਲਈ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ 'ਤੇ ਹਮਲੇ ਕਰਦੇ ਹੋਏ ਥੱਕਦੀ ਨਹੀਂ ਸੀ, ਦਾ ਅੱਜ ਕਹਿਣਾ ਹੈ ਕਿ ਸਰਕਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਹੀਦ ਦਾ ਦਰਜਾ ਦੇਣਾ ਸੂਬਾ ਨਹੀਂ ਸਗੋਂ ਕੇਂਦਰ ਸਰਕਾਰ ਦਾ ਅਧਿਕਾਰ ਖੇਤਰ ਹੈ। 
ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸ਼ਹੀਦਾਂ ਨੂੰ ਸਰਕਾਰੀ ਸ਼ਹੀਦ ਦਾ ਦਰਜਾ ਅਤੇ ਸ਼ਹੀਦੀ ਦਿਵਸ 'ਤੇ ਛੁੱਟੀ ਐਲਾਨ ਨਹੀਂ ਹੁੰਦੀ, ਉਨ੍ਹਾਂ ਦਾ ਰੋਸ ਧਰਨਾ ਇਸੇ ਤਰ੍ਹਾਂ ਨਾਲ ਜਾਰੀ ਰਹੇਗਾ। ਇਸ ਮੌਕੇ 'ਤੇ ਜਸਵੰਤ ਭਾਰਟਾ ਨੇ ਪੰਜਾਬ ਪਾਰਟੀ ਪ੍ਰਧਾਨ ਨੂੰ ਮੰਗਾਂ ਸਬੰਧੀ ਮੰਗ ਪੱਤਰ ਵੀ ਸੌਂਪਿਆ।