ਸੀ. ਪੀ. ਆਈ. (ਐੱਮ-ਐੱਲ) ਵੱਲੋਂ ਕਾਂਗਰਸੀ ਆਗੂ ਦੀ ਗੁੰਡਾਗਰਦੀ ਵਿਰੁੱਧ ਮੁਜ਼ਾਹਰਾ

05/25/2018 12:23:37 AM

ਲੋਹੀਆਂ (ਜ.ਬ.) - ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਪਿੰਡ ਸੋਹਲ ਖਾਲਸਾ ਵਿਚ ਰੈਲੀ ਮੌਕੇ 5-5 ਮਰਲੇ ਦੇ ਰਿਹਾਇਸ਼ੀ ਪਲਾਟਾਂ ਦਾ ਮਾਮਲਾ ਉਠਾਉਣ ਵਾਲੇ ਪੇਂਡੂ ਮਜ਼ਦੂਰਾਂ ਨੂੰ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਵੇਖ ਲੈਣ ਦਾ ਅਤੇ ਰੈਲੀ ਤੋਂ ਬਾਅਦ ਮਜ਼ਦੂਰ ਆਗੂ ਦੇ ਘਰ ਵਿਚ ਬੰਦੇ ਭੇਜ ਕੇ ਝੂਠੇ ਪਰਚੇ ਦਰਜ ਕਰਾਉਣ ਦੀਆਂ ਧਮਕੀਆਂ ਦੇਣ ਵਿਰੁੱਧ ਮਜ਼ਦੂਰਾਂ ਨੇ ਸੀ. ਪੀ. ਆਈ. (ਐੱਮ-ਐੱਲ) ਨਿਊ ਡੈਮੋਕਰੇਸੀ ਦੀ ਅਗਵਾਈ ਹੇਠ ਕਾਂਗਰਸ ਆਗੂ ਦੀ ਗੁੰਡਾਗਰਦੀ ਦੇ ਖ਼ਿਲਾਫ਼ ਲੋਹੀਆਂ ਸ਼ਹਿਰ ਵਿਚ ਮੁਜ਼ਾਹਰਾ ਕਰਕੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਆਪਣੇ ਵਿਰੋਧੀ ਵਿਚਾਰਾਂ ਨੂੰ ਦਬਾਉਣ ਲਈ ਹਾਕਮ ਪਾਰਟੀ ਨੂੰ ਸੱਤਾ ਦੀ ਦੁਰਵਰਤੋਂ ਕਰਨ ਤੋਂ ਰੋਕਿਆ ਜਾਵੇ।
ਪਾਰਟੀ ਦੇ ਸੀਨੀਅਰ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਰਾਣਾ ਗੁਰਜੀਤ ਵੱਲੋਂ ਮਜ਼ਦੂਰਾਂ ਨੂੰ ਧਮਕਾਉਣ ਦੀ ਤਿੱਖੇ ਸ਼ਬਦਾਂ 'ਚ ਨਿਖੇਧੀ ਕਰਦਿਆਂ ਹਲਕੇ ਦੇ ਮਿਹਨਤੀ ਲੋਕਾਂ ਨੂੰ ਸੱਦਾ ਦਿੱਤਾ ਕਿ 70 ਸਾਲ ਤੋਂ ਲੋਕਾਂ ਨੂੰ ਝੂਠੇ ਲਾਰੇ-ਲੱਪੇ ਲਾ ਕੇ ਵਾਰੀ-ਵਾਰੀ ਰਾਜ ਕਰਨ ਵਾਲੀਆਂ ਪਾਰਟੀਆਂ ਦੇ ਸਾਰੇ ਉਮੀਦਵਾਰਾਂ ਨੂੰ ਰੱਦ ਕਰਕੇ ਨੋਟਾ ਦਾ ਬਟਨ ਦਬਾਉਣ ਤਾਂ ਜੋ ਸਾਮਰਾਜ ਦੇ ਇਨ੍ਹਾਂ ਦਲਾਲ ਹਾਕਮਾਂ ਨੂੰ ਸੱਤਾ ਤੋਂ ਬਾਹਰ ਕਰਨ ਲਈ ਸੰਘਰਸ਼ ਨੂੰ ਅੱਗੇ ਵਧਾਇਆ ਜਾ ਸਕੇ। ਉਨ੍ਹਾਂ ਧਮਕੀਆਂ ਦੇਣ ਵਾਲਿਆਂ ਨੂੰ ਬਾਜ਼ ਆਉਣ ਦੀ ਸਲਾਹ ਵੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੁੱਲਰ, ਹੰਸ ਰਾਜ ਪੱਬਵਾਂ, ਸੰਤੋਖ ਸਿੰਘ ਤੱਗੜ, ਗੁਰਬਖਸ਼ ਕੌਰ ਸਾਦਿਕਪੁਰ, ਗੁਰਚਰਨ ਸਿੰਘ ਅਟਵਾਲ ਅਤੇ ਸੋਨੂੰ ਅਰੋੜਾ ਨੇ ਵੀ ਸੰਬੋਧਨ ਕੀਤਾ।