70 ਸਾਲਾਂ ''ਚ ਸ਼ਾਂਤੀ ਰੱਖਿਅਕ ਫੌਜੀਆਂ ''ਚ ਭਾਰਤੀ ਹੋਏ ਸਭ ਤੋਂ ਜ਼ਿਆਦਾ ਸ਼ਹੀਦ : UN

05/30/2018 12:13:01 PM

ਸੰਯੁਕਤ ਰਾਸ਼ਟਰ (ਭਾਸ਼ਾ)— ਸੰਯੁਕਤ ਰਾਸ਼ਟਰ ਦੇ ਇਕ ਬਿਆਨ ਮੁਤਾਬਕ ਬੀਤੇ 70 ਸਾਲਾਂ ਦੀਆਂ ਵੱਖ-ਵੱਖ ਸ਼ਾਂਤੀ ਰੱਖਿਅਕ ਮੁਹਿੰਮਾਂ ਵਿਚ ਭਾਰਤ ਦੇ ਸਭ ਤੋਂ ਜ਼ਿਆਦਾ ਸ਼ਾਂਤੀ ਰੱਖਿਅਕ ਸ਼ਹੀਦ ਹੋਏ ਹਨ। ਸੰਯੁਕਤ ਰਾਸ਼ਟਰ ਦੀਆਂ ਮੁਹਿੰਮਾਂ ਵਿਚ ਕਾਰਵਾਈ ਦੌਰਾਨ ਦੇਸ਼ ਦੇ 163 ਸ਼ਾਂਤੀ ਰੱਖਿਅਕਾਂ ਨੂੰ ਸਭ ਤੋਂ ਵੱਡਾ ਬਲੀਦਾਨ ਦੇਣਾ ਪਿਆ। ਇਨ੍ਹਾਂ ਵਿਚ ਫੌਜ, ਪੁਲਸ ਅਤੇ ਗੈਰ ਫੌਜੀ ਵੀ ਸ਼ਾਮਲ ਸਨ। ਸੰਯੁਕਤ ਰਾਸ਼ਟਰ ਮੁਤਾਬਕ ਸਾਲ 1948 ਤੋਂ ਹੁਣ ਤੱਕ 3,737 ਸ਼ਾਂਤੀ ਰੱਖਿਅਕਾਂ ਦੀ ਜਾਨ ਗਈ ਹੈ, ਜਿਸ ਵਿਚ 163 ਭਾਰਤ ਦੇ ਹਨ। ਇਹ ਅੰਕੜਾ ਕਿਸੇ ਵੀ ਦੇਸ਼ ਦੇ ਮੁਕਾਬਲੇ ਜ਼ਿਆਦਾ ਹੈ। ਇਸ ਸਮੇਂ ਭਾਰਤ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਅਕਾਂ ਦੇ ਮਾਮਲੇ ਵਿਚ ਯੋਗਦਾਨ ਕਰਨ ਵਾਲਾ ਤੀਜਾ ਸਭ ਤੋਂ ਵੱਡਾ ਦੇਸ਼ ਹੈ। 
ਇਸ ਸਮੇਂ ਇਸ ਦੇ 6,693 ਸ਼ਾਂਤੀ ਰੱਖਿਅਕ ਅਬੇਈ, ਸਾਈਪ੍ਰਸ, ਕਾਂਗੋ, ਹੈਤੀ, ਲੇਬਨਾਨ, ਮੱਧ ਪੂਰਬ, ਦੱਖਣੀ ਸੂਡਾਨ ਅਤੇ ਪੱਛਮੀ ਸਹਾਰਾ ਵਿਚ ਤੈਨਾਤ ਹਨ। ਹਾਂਲਕਿ ਸੰਯੁਕਤ ਰਾਸ਼ਟਰ ਨੇ ਫੌਜੀ, ਪੁਲਸ ਇਕਾਈ ਗਠਿਤ ਕਰਨ ਅਤੇ ਟੀਮ ਦੇ ਮਾਲਕੀ ਵਾਲੇ ਉਪਕਰਣਾਂ ਲਈ 30 ਅਪ੍ਰੈਲ 2018 ਨੂੰ 9 ਕਰੋੜ 20 ਲੱਖ ਅਮਰੀਕੀ ਡਾਲਰ ਦਾ ਕਰਜ਼ ਦਿੱਤਾ। ਸੰਯੁਕਤ ਰਾਸ਼ਟਰ ਨੇ ਕੱਲ ਅੰਤਰ ਰਾਸ਼ਟਰੀ ਸ਼ਾਂਤੀ ਰੱਖਿਅਕ ਦਿਵਸ ਮੌਕੇ 'ਤੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਅਤੇ ਦੁਨੀਆ ਭਰ ਦੇ ਸ਼ਾਂਤੀ ਰੱਖਿਅਕਾਂ ਦੀ ਸੇਵਾ ਅਤੇ ਬਲੀਦਾਨ ਲਈ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਸਾਲ 2017 ਵਿਚ ਸੰਯੁਕਤ ਰਾਸ਼ਟਰ ਦੇ ਕਿਸੇ ਵੀ ਸ਼ਾਂਤੀ ਰੱਖਿਆ ਮੁਹਿੰਮ ਵਿਚ ਭਾਰਤ ਦੇ ਕਿਸੇ ਵੀ ਜਵਾਨ ਨੂੰ ਜਾਨ ਨਹੀਂ ਗਵਾਉਣੀ ਪਈ ਸੀ। ਸਾਲ 2016 ਵਿਚ ਦੋ ਸ਼ਾਂਤੀ ਰੱਖਿਅਕਾਂ ਰਾਈਫਲਮੈਨ ਬ੍ਰਿਜੇਸ਼ ਥਾਪਾ ਅਤੇ ਰਵੀ ਕੁਮਾਰ ਨੂੰ ਡਿਊਟੀ ਦੌਰਾਨ ਜਾਨ ਗਵਾਉਣੀ ਪਈ ਸੀ। ਇਨ੍ਹਾਂ ਨੂੰ ਮਰਨ ਤੋਂ ਬਾਅਦ ਡੈਗ ਹੈਮਰਸਜ਼ੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।