ਸਪੇਨ: ਇਕ ਘਰ ''ਚ ਪਟਾਕਿਆਂ ਕਾਰਨ ਹੋਇਆ ਧਮਾਕਾ, 1 ਦੀ ਮੌਤ, 27 ਜ਼ਖਮੀ

05/24/2018 3:24:47 PM

ਮੈਡਰਿਡ— ਉਤਰੀ ਸਪੇਨ ਵਿਚ ਬੁੱਧਵਾਰ ਨੂੰ ਇਕ ਘਰ ਵਿਚ ਪਟਾਕਿਆਂ ਵਿਚ ਹੋਏ ਧਮਾਕੇ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 27 ਲੋਕ ਜ਼ਖਮੀ ਹੋ ਗਏ। ਗਾਲੀਸਿਆ ਖੇਤਰ ਦੇ ਵਾਈਸ ਪ੍ਰੈਜ਼ੀਡੈਂਟ ਅਲਫੋਂਸੋ ਰੁਏਡਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਸ ਦਾ ਬੰਬ ਰੋਕੁ ਦਸਤਾ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਹੋਰ ਧਮਾਕੇ ਵਿਚ ਕਿਸੇ ਤਰ੍ਹਾਂ ਦਾ ਖਤਰਾ ਨਾ ਹੋਵੇ ਤਾਂ ਕਿ ਰਾਹਤ ਅਤੇ ਬਚਾਅ ਕੰਮ ਨੂੰ ਸਹੀ ਤਰੀਕੇ ਨਾਲ ਅੱਗੇ ਵਧਾਇਆ ਜਾ ਸਕੇ।
ਉਨ੍ਹਾਂ ਕਿਹਾ, 'ਫਿਲਹਾਲ ਅਸੀਂ ਇਕ ਤੋਂ ਵਧ ਲੋਕਾਂ ਦੇ ਮਰਨ ਦੀ ਪੁਸ਼ਟੀ ਨਹੀਂ ਕਰ ਸਕਦੇ। ਸਾਨੂੰ ਨਹੀਂ ਪਤਾ ਕਿ ਮਰਨ ਵਾਲਿਆਂ ਦੀ ਗਿਣਤੀ ਇਕ ਤੋਂ ਵਧ ਹੈ ਜਾਂ ਨਹੀਂ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਸਥਾਨ ਦੇ ਇਕ ਕਿਲੋਮੀਟਰ ਦੇ ਦਾਇਰੇ ਅੰਦਰ ਆਉਂਦੇ ਕਈ ਦਰਜਨ ਘਰ ਇਸ ਧਮਾਕੇ ਨਾਲ ਨਸ਼ਟ ਹੋ ਗਏ। ਰੁਏਡਾ ਅਤੇ ਟੁਈ ਦੇ ਮੇਅਰ ਕਾਰਲੋਸ ਵਾਜਕੇਜ ਪਾਡਿਨ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਜਿਸ ਘਰ ਵਿਚ ਧਮਾਕਾ ਹੋਇਆ ਹੈ, ਉਥੇ ਇਸ ਤਰ੍ਹਾਂ ਦੀ ਵਿਸਫੋਟਕ ਸਮੱਗਰੀ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ। ਫਿਲਹਾਲ ਜ਼ਖਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।