ਜੂਨ ਤੋਂ ਸ਼ੁਰੂ ਹੋਵੇਗੀ ਸਮਾਰਟ ਰਾਸ਼ਨ ਕਾਰਡ ਸਕੀਮ

05/22/2018 5:40:38 AM

ਚੰਡੀਗੜ੍ਹ (ਬਿਊਰੋ) - ਸੂਬੇ ਵਿਚ ਹੁਣ ਰਾਸ਼ਨ ਨੂੰ ਲੈ ਕੇ ਹੇਰਾ-ਫੇਰੀ ਅਤੇ ਸਰਕਾਰ ਨੂੰ ਧੋਖਾ ਦੇਣ ਦੇ ਦਿਨ ਲੰਘ ਗਏ ਹਨ। ਸਰਕਾਰ ਹੁਣ ਜੂਨ 2018 ਤੋਂ ਸੂਬੇ ਵਿਚ ਸਮਾਰਟ ਕਾਰਡ ਸਕੀਮ ਸ਼ੁਰੂ ਕਰਨ ਜਾ ਰਹੀ ਹੈ, ਜਿਨ੍ਹਾਂ ਵਿਚ ਰਾਸ਼ਨ ਕਾਰਡ ਦਾ ਲਾਭ ਲੈਣ ਵਾਲੇ ਸਾਰੇ ਲਾਭਪਾਤਰੀਆਂ ਨੂੰ ਆਧਾਰ ਕਾਰਡ ਨਾਲ ਲਿੰਕ ਕੀਤਾ ਜਾ ਰਿਹਾ ਹੈ ਅਤੇ ਜੂਨ ਮਹੀਨੇ ਤੋਂ ਇਹ ਪ੍ਰਣਾਲੀ ਦੇ ਤਹਿਤ ਰਾਸ਼ਨ ਵੰਡਿਆ ਜਾਵੇਗਾ। ਇਸ ਦੇ ਤਹਿਤ ਆਧਾਰ ਕਾਰਡ ਦੇ ਮੁਤਾਬਕ ਉਂਗਲ ਦੀ ਛਾਪ ਜਾਂ ਅੱਖਾਂ ਦੇ ਸਕੈਨ ਦੇ ਆਧਾਰ 'ਤੇ ਲਾਭਪਾਤਰੀਆਂ ਦੀ ਪਛਾਣ ਕਰਕੇ ਹੀ ਰਾਸ਼ਨ ਦਿੱਤਾ ਜਾਵੇਗਾ। ਇਹ ਜਾਣਕਾਰੀ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਰਾਸ਼ਨ ਵੰਡ ਪ੍ਰਣਾਲੀ ਵਿਚ ਪਾਰਦਰਸ਼ਿਤਾ ਲਿਆਉਣ ਲਈ ਸੂਬਾ ਸਰਕਾਰ ਨੇ ਇਹ ਸ਼ੁਰੂਆਤ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਾਲੀ ਸਰਕਾਰ ਸੂਬੇ ਵਿਚ ਯੋਗ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਈ.ਪੀ.ਓ. ਮਸ਼ੀਨ (ਇਲੈਕਟ੍ਰੋਨਿਕ ਪੁਆਇੰਟ ਆਫ਼ ਸੇਲ) ਰਾਹੀਂ ਕਰੇਗੀ। ਸੂਬੇ ਵਿਚ 16,000 ਡਿਪੂ ਅਤੇ 1400 ਇੰਸਪੈਕਟਰ ਹਨ। ਵਿਭਾਗ ਦੇ ਇੰਸਪੈਕਟਰਾਂ ਨੂੰ ਇਹ ਮਸ਼ੀਨ ਦਿੱਤੀ ਜਾਵੇਗੀ, ਜਿਸ ਦੇ ਤਹਿਤ ਹਰ ਇੰਸਪੈਕਟਰ 10-12 ਡਿਪੂ ਕਵਰ ਕਰਕੇ ਵੰਡ ਪ੍ਰਕਿਰਿਆ ਨੂੰ ਯਕੀਨੀ ਬਣਾਏਗਾ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿਚ 3526775 ਪਰਿਵਾਰਾਂ ਦੇ 1.37 ਕਰੋੜ ਲੋਕ ਇਸ ਯੋਜਨਾ ਦਾ ਲਾਭ ਲੈ ਰਹੇ ਹਨ। ਹੁਣ ਤੱਕ 98.24 ਫੀਸਦੀ ਪਰਿਵਾਰਾਂ ਦੇ 95.26 ਫੀਸਦੀ ਲੋਕਾਂ ਦੇ ਆਧਾਰ ਕਾਰਡ ਲਿੰਕ ਹੋ ਚੁੱਕੇ ਹਨ, ਜੋ ਕਿ ਹੁਣ ਵਿਭਾਗ ਦੇ ਪੋਰਟਲ ਵਿਚ ਦਰਜ ਹਨ, ਜਿਸ ਨਾਲ ਹੁਣ ਕੋਈ ਫਰਜ਼ੀ ਵਿਅਕਤੀ ਕਿਸੇ ਦੂਜੇ ਦਾ ਰਾਸ਼ਨ ਨਹੀਂ ਲੈ ਸਕਦਾ।