ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 21 ਮੈਂਬਰੀ ਸੈਂਸਰ ਬੋਰਡ ਦੀ ਸਥਾਪਨਾ

05/23/2018 6:35:29 AM

ਅੰਮ੍ਰਿਤਸਰ(ਅਨਜਾਣ)-ਫਿਲਮ ਨਿਰਮਾਤਾਵਾਂ ਵੱਲੋਂ ਸਿੱਖ ਧਰਮ ਸਬੰਧੀ ਬਣਾਈਆਂ ਜਾ ਰਹੀਆਂ ਡਾਕੂਮੈਂਟਰੀ, ਫੀਚਰ, ਐਨੀਮੇਸ਼ਨ ਫਿਲਮਾਂ 'ਚ ਸਿੱਖ ਗੁਰੂ ਸਾਹਿਬਾਨ ਤੇ ਪਰਿਵਾਰਕ ਸ਼ਖਸੀਅਤਾਂ ਦੇ ਰੋਲ ਨਿਭਾਉਣ ਕਾਰਨ ਅਤੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਕਰ ਕੇ ਪੈਦਾ ਹੁੰਦੇ ਵਾਦ-ਵਿਵਾਦ ਨੂੰ ਮੁੱਖ ਰੱਖਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੱਖ-ਵੱਖ ਜਥੇਬੰਦੀਆਂ 'ਤੇ ਨਿਰਧਾਰਤ 21 ਮੈਂਬਰੀ ਸੈਂਸਰ ਬੋਰਡ ਦੀ ਸਥਾਪਨਾ ਕੀਤੀ ਗਈ ਹੈ, ਜਿਸ ਵਿਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ), ਸਿੰਘ ਸਾਹਿਬ ਗਿਆਨੀ ਮਾਨ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅੰਤ੍ਰਿੰਗ ਮੈਂਬਰ ਸ਼੍ਰੋ. ਗੁ. ਪ੍ਰ. ਕ., ਮੈਂਬਰ ਸ਼੍ਰੋਮਣੀ ਕਮੇਟੀ ਹਰਦੀਪ ਸਿੰਘ ਮੋਹਾਲੀ ਅਤੇ ਬੀਬੀ ਕਿਰਨਜੋਤ ਕੌਰ,  ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਦਿੱਲੀ ਸਿੱਖ ਗੁ. ਪ੍ਰ. ਕਮੇਟੀ, ਗਿਆਨੀ ਪਰਮਿੰਦਰ ਸਿੰਘ ਦਮਦਮੀ ਟਕਸਾਲ (ਮਹਿਤਾ), ਦਮਦਮੀ ਟਕਸਾਲ ਵੱਲੋਂ ਨੁਮਾਇੰਦਾ ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਰੋਡੇ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰੇਸ਼ਮ ਸਿੰਘ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਬਾਬਾ ਨਾਗਰ ਸਿੰਘ ਚੱਬੇਵਾਲ, ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਪ੍ਰਤਾਪ ਸਿੰਘ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪ੍ਰਿਤਪਾਲ ਸਿੰਘ ਪ੍ਰਧਾਨ ਗੁ. ਦੂਖ ਨਿਵਾਰਣ ਸਾਹਿਬ ਲੁਧਿਆਣਾ, ਡਾ. ਬਲਕਾਰ ਸਿੰਘ ਪਟਿਆਲਾ, ਡਾ. ਇੰਦਰਜੀਤ ਸਿੰਘ ਗੋਗੋਆਣੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰੋ. ਅਮਰਜੀਤ ਸਿੰਘ, ਡਾ. ਗੁਰਮੀਤ ਸਿੰਘ ਸਿੱਧੂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰੋ. ਸਰਬਜੀਤ ਸਿੰਘ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਡਾ. ਸਰਬਜਿੰਦਰ ਸਿੰਘ ਲੁਧਿਆਣਾ, ਡਾ: ਹਰਪਾਲ ਸਿੰਘ ਪੰਨੂ ਤੇ ਸੁਖਦੇਵ ਸਿੰਘ ਭੌਰ ਦੇ ਨਾਂ ਸ਼ਾਮਲ ਹਨ। ਸਿਮਰਜੀਤ ਸਿੰਘ ਮੀਤ ਸਕੱਤਰ ਇਸ ਦੇ ਕੋਆਰਡੀਨੇਟਰ ਹੋਣਗੇ। ਸਿੰਘ ਸਾਹਿਬ ਨੇ ਕਿਹਾ ਕਿ ਇਹ ਬੋਰਡ ਫਿਲਮਾਂ ਵਿਚ ਸਿੱਖ ਇਤਿਹਾਸ, ਸਿੱਖ ਵਿਰਾਸਤ ਅਤੇ ਗੁਰ ਮਰਿਆਦਾ ਨਾਲ ਸਬੰਧਤ ਦਰਸਾਏ ਜਾਂਦੇ ਦ੍ਰਿਸ਼ਾਂ ਨੂੰ ਮੁਕੰਮਲ ਰੂਪ ਵਿਚ ਘੋਖ ਕਰਨ ਉਪਰੰਤ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਕਰੇਗਾ, ਉਪਰੰਤ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਗੀ ਦਿੱਤੀ ਜਾਇਆ ਕਰੇਗੀ। ਉਨ੍ਹਾਂ ਫਿਲਮ ਨਿਰਮਾਤਾਵਾਂ ਤੇ ਨਾਟਕਕਾਰਾਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਹ ਸਿੱਖ ਧਰਮ ਨਾਲ ਸਬੰਧਤ ਕੋਈ ਵੀ ਫਿਲਮ, ਨਾਟਕ ਆਦਿ ਬਣਾਉਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਗੀ ਪ੍ਰਾਪਤ ਕਰਨ।