ਸ਼੍ਰੀਨਗਰ ''ਚ ਕਾਰੋਬਾਰੀਆਂ ਨੇ ਕੀਤਾ ਬੰਦ ਦਾ ਆਯੋਜਨ

05/26/2018 10:09:30 PM

ਸ਼੍ਰੀਨਗਰ— ਜਾਮਿਆ ਮਸਜਿਦ ਦੇ ਨੇੜੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਸੁਰੱਖਿਆ ਬਲਾਂ ਵਲੋਂ ਕਥਿਤ ਬਲ ਦੀ ਵਰਤੋਂ ਦੇ ਵਿਰੋਧ 'ਚ ਵਪਾਰੀਆਂ ਨੇ ਸ਼ਨੀਵਾਰ ਨੂੰ ਓਲਡ ਸਿਟੀ 'ਚ ਬੰਦ ਦਾ ਆਯੋਜਨ ਕੀਤਾ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੰਦ ਦਾ ਸੱਦਾ ਜਾਮਿਆ ਮਾਰਕੀਟ ਟ੍ਰੇਡਰਸ ਫੈਡਰੇਸ਼ਨ ਨੇ ਦਿੱਤਾ ਸੀ। ਉਸ ਨੇ ਕਥਿਤ ਬਲ ਦੀ ਵਰਤੋਂ ਤੇ ਬੀਤੇ ਦਿਨ ਨੌਹਟਾ 'ਚ ਪ੍ਰਦਰਸ਼ਨ ਦੌਰਾਨ ਮਸਜਿਦ ਦੀ ਬੇਅਦਬੀ ਦੇ ਖਿਲਾਫ ਇਹ ਬੰਦ ਬੁਲਾਇਆ ਸੀ।
ਅਧਿਕਾਰੀ ਨੇ ਕਿਹਾ ਕਿ ਓਲਡ ਸਿਟੀ ਇਲਾਕੇ 'ਚ ਸਾਰੀਆਂ ਦੁਕਾਨਾਂ ਤੇ ਵਪਾਰਿਕ ਅਦਾਰੇ ਬੰਦ ਰਹੇ। ਵਪਾਰੀਆਂ ਦੇ ਸੰਗਠਨ ਨੇ ਦੋਸ਼ ਲਾਇਆ ਕਿ ਸੁਰੱਖਿਆ ਬਲਾਂ ਨੇ ਮਸਜਿਦ ਦੇ ਅੰਦਰ ਪੈਲੇਟ ਗਨ ਚਲਾਈ। ਉਨ੍ਹਾਂ ਨੇ ਪੁਲਸ ਦੀ ਕਥਿਤ ਮਨਮਾਨੀ ਦੇ ਖਿਲਾਫ ਮਸਜਿਦ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸੇ ਵਿਚਕਾਰ ਵੱਖਵਾਦੀ ਸਮੂਹਾਂ ਦੇ ਵਰਕਰਾਂ ਤੇ ਨੇਤਾ ਯਾਸੀਨ ਮਲਿਕ ਦੀ ਅਗਵਾਈ 'ਚ ਜੁਅਇੰਟ ਰੇਸਿਸਟੈਂਟ ਲੀਡਰਸ਼ਿਪ ਦੇ ਬੈਨਰ ਹੇਠ ਜੰਮੂ-ਕਸ਼ਮੀਰ ਲਿਬਰੇਸ਼ਨ ਫ੍ਰੰਟ ਦਫਤਰ ਦੇ ਨੇੜੇ ਇਕੱਠੇ ਹੋਏ ਤੇ ਪ੍ਰੈਸ ਇਨਕਲੇਵ ਵਲੋਂ ਮਾਰਚ ਕੀਤਾ ਗਿਆ। ਉਨ੍ਹਾਂ ਨੇ ਪੁਲਸ ਦੀ ਕਥਿਤ ਮਨਮਾਨੀ ਦੇ ਖਿਲਾਫ ਧਰਨਾ ਦਿੱਤਾ ਤੇ ਸਾਰੇ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ।