ਮੈਲਬੌਰਨ ''ਚ 4 ਸਾਲਾਂ ਤੋਂ ਲਾਪਤਾ ਹੈ ਪੰਜਾਬੀ ਨੌਜਵਾਨ, ਚਿੰਤਾ ''ਚ ਮਾਪੇ

05/14/2018 2:03:19 PM

ਮੈਲਬੌਰਨ— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਬੀਤੇ 4 ਸਾਲਾਂ ਤੋਂ ਪੰਜਾਬੀ ਨੌਜਵਾਨ ਸ਼ਿਵਾ ਚੌਹਾਨ ਲਾਪਤਾ ਹੈ। ਪੁਲਸ ਅਜੇ ਤੱਕ ਉਸ ਬਾਰੇ ਕੋਈ ਪਤਾ ਨਹੀਂ ਲਾ ਸਕੀ ਹੈ। ਸ਼ਿਵਾ ਮੈਲਬੌਰਨ 'ਚ 1 ਮਈ 2014 ਦੀ ਰਾਤ ਤੋਂ ਲਾਪਤਾ ਹੈ, ਉਦੋਂ ਉਸ ਦੀ ਉਮਰ 27 ਸਾਲ ਸੀ। ਉਹ ਮੈਲਬੌਰਨ ਵਿਚ ਇਕ ਬੈਕਰੀ 'ਚ ਡਿਲੀਵਰੀ ਮੈਨ ਵਜੋਂ ਕੰਮ ਕਰਦਾ ਸੀ। ਉਸ ਦੇ ਲਾਪਤਾ ਹੋਣ ਮਗਰੋਂ ਪੁਲਸ ਨੇ ਅਗਲੇ ਦਿਨ 2 ਮਈ ਨੂੰ ਮੈਲਬੌਰਨ ਦੇ ਕੀਸਬਰੋ 'ਚ ਉਸ ਦੀ ਵੈਨ ਨੂੰ ਦੇਖਿਆ, ਜੋ ਕਿ ਉਹ ਉੱਥੇ ਹੀ ਛੱਡ ਗਿਆ ਸੀ।
4 ਸਾਲ ਬੀਤਣ ਤੋਂ ਬਾਅਦ ਵੀ ਭਾਰਤ 'ਚ ਸ਼ਿਵਾ ਦਾ ਪਰਿਵਾਰ ਉਸ ਦੀ ਉਡੀਕ ਕਰ ਰਿਹਾ ਹੈ ਅਤੇ ਆਸਟ੍ਰੇਲੀਆ ਸਰਕਾਰ ਵਲੋਂ ਚੰਗਾ ਜਵਾਬ ਮਿਲਣ ਦੀ ਉਡੀਕ 'ਚ ਹੈ। ਪਰਿਵਾਰ ਨੂੰ ਉਮੀਦ ਹੈ ਕਿ ਉਹ ਜ਼ਿੰਦਾ ਹੈ। ਉਸ ਦੇ ਵੱਡੇ ਭਰਾ ਦਿਨੇਸ਼ ਚੌਹਾਨ ਨੇ ਦੱਸਿਆ ਕਿ ਸਾਨੂੰ ਵਿਕਟੋਰੀਆ ਪੁਲਸ ਤੋਂ ਪਿਛਲੇ ਦੋ ਸਾਲਾਂ ਤੋਂ ਉਸ ਬਾਰੇ ਕੋਈ ਖਬਰ ਸੁਣਨ ਨੂੰ ਨਹੀਂ ਮਿਲੀ ਹੈ। ਦਿਨੇਸ਼ ਦਾ ਕਹਿਣਾ ਹੈ ਕਿ ਮੇਰੇ ਬੁੱਢੇ ਮਾਪੇ ਹਮੇਸ਼ਾ ਉਸ ਦੀ ਉਡੀਕ 'ਚ ਰੋਂਦੇ ਰਹਿੰਦੇ ਹਨ ਕਿ ਕਦੋਂ ਉਹ ਵਾਪਸ ਪਰਤੇਗਾ ਪਰ ਮੇਰੀ ਭੈਣ ਸਾਨੂੰ ਹੌਂਸਲਾ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਘਬਰਾਓ ਨਾ, ਉਹ ਜ਼ਰੂਰ ਵਾਪਸ ਆਵੇਗਾ।
ਦਿਨੇਸ਼ ਨੇ ਕਿਹਾ ਕਿ ਮੇਰਾ ਸਵਾਲ ਇਹ ਹੈ ਕਿ ਜੇਕਰ ਸ਼ਿਵਾ ਜ਼ਿੰਦਾ ਹੈ ਤਾਂ ਉਹ ਸਾਡੇ ਨਾਲ ਸੰਪਰਕ ਵਿਚ ਕਿਉਂ ਨਹੀਂ ਹੈ? ਉਸ ਨੇ ਕਦੇ ਵੀ ਆਪਣੇ ਕਿਸੇ ਦੋਸਤ ਨੂੰ ਵੀ ਫੋਨ ਨਹੀਂ ਕੀਤਾ। ਦਿਨੇਸ਼ ਨੇ ਇਹ ਵੀ ਦੱਸਿਆ ਕਿ ਉਸ ਨੇ ਆਪਣੇ ਭਰਾ ਦੇ ਰਹੱਸਮਈ ਢੰਗ ਨਾਲ ਗਾਇਬ ਹੋਣ ਤੋਂ ਬਾਅਦ ਜੁਲਾਈ 2014 ਨੂੰ ਮੈਲਬੌਰਨ ਦਾ ਦੌਰਾ ਕੀਤਾ ਸੀ। ਸ਼ਿਵਾ ਦੇ ਲਾਪਤਾ ਹੋਣ ਦੇ ਸੰਬੰਧ 'ਚ ਪੁਲਸ ਤੁਰੰਤ ਜਾਂਚ 'ਚ ਜੁਟ ਗਈ ਪਰ ਅਜੇ ਤੱਕ ਉਸ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ। 2016 'ਚ ਵਿਕਟੋਰੀਆ ਪੁਲਸ ਨੇ ਸ਼ਿਵਾ ਕੇਸ ਨੂੰ ਲੈ ਕੇ ਜਨਤਕ ਅਪੀਲ ਕੀਤੀ ਅਤੇ ਪੁਲਸ ਅਜੇ ਵੀ ਉਸ ਦੀ ਭਾਲ 'ਚ ਲੱਗੀ ਹੋਈ ਹੈ।