2 ਦਰਜਨ ਪਰਿਵਾਰਾਂ ਨੇ ਕਾਂਗਰਸ ਛੱਡ ਅਕਾਲੀ ਦਲ ਦਾ ਲੜ ਫੜਿਆ

05/24/2018 4:34:46 PM

ਲੋਹੀਆਂ ਖਾਸ/ਮਹਿਤਪੁਰ (ਮਨਜੀਤ, ਸੂਦ)— ਪਿੰਡ ਰਾਇਪੁਰ ਗੁੱਜਰਾਂ ਤੋਂ ਦੋ ਦਰਜਨ ਕਾਂਗਰਸੀ ਪਰਿਵਾਰਾਂ ਨੇ ਮਹਿਤਾਬ ਸਿੰਘ ਨੰਬਰਦਾਰ ਦੇ ਪਰਿਵਾਰ ਦੀ ਅਗਵਾਈ 'ਚ ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਲੜ ਫੜ ਲਿਆ। ਇਸ ਮੌਕੇ ਮਹਿਤਾਬ ਸਿੰਘ ਨੰਬਰਦਾਰ ਨੇ ਕਿਹਾ ਕਿ ਕਾਂਗਰਸੀ ਉਨ੍ਹਾਂ ਦੇ ਖੇਤਾਂ 'ਚੋਂ ਜ਼ਬਰਦਸਤੀ ਰੇਤੇ ਦੀ ਮਾਈਨਿੰਗ ਕਰ ਰਹੇ ਹਨ, ਜਦਕਿ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਤੋਂ ਬਾਅਦ ਅਕਾਲੀ ਦਲ ਇਨ੍ਹਾਂ ਪਰਿਵਾਰਾਂ ਦੀ ਮਦਦ ਕਰੇਗਾ ਅਤੇ ਕਾਂਗਰਸੀਆਂ ਨੂੰ ਇਸ ਇਲਾਕੇ 'ਚੋਂ ਰੇਤੇ ਦੀ ਗੈਰ-ਕਾਨੂੰਨੀ ਮਾਈਨਿੰਗ ਨਹੀਂ ਕਰਨ ਦੇਵੇਗਾ। ਵੱਖ-ਵੱਖ ਥਾਵਾਂ 'ਤੇ ਗੈਰ-ਕਾਨੂੰਨੀ ਮਾਈਨਿੰਗ ਕਰ ਕੇ ਸਤਲੁਜ ਦਰਿਆ ਦੇ ਕੰਢੇ ਵੀ ਕਮਜ਼ੋਰ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਆ ਰਹੀ ਜ਼ਿਮਨੀ ਚੋਣ ਵਿਚ ਕਾਂਗਰਸ ਦਾ ਮੁਕੰਮਲ ਸਫਾਇਆ ਹੋ ਜਾਵੇਗਾ।  ਇਸ ਮੌਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਮਹਿਤਾਬ ਸਿੰਘ, ਅਮਰੀਕ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ ਫੌਜੀ, ਸ਼ਮਸ਼ੇਰ ਸਿੰਘ ਨੰਬਰਦਾਰ, ਬਲਜਿੰਦਰ ਸਿੰਘ, ਰਤਨ ਸਿੰਘ, ਅਜਾਇਬ ਸਿੰਘ, ਸੁਰਜੀਤ ਸਿੰਘ ਵੇਹਰਾ, ਮਹਿੰਦਰ ਸਿੰਘ, ਸਤਪਾਲ ਸਿੰਘ, ਗੁਰਦੀਪ ਸਿੰਘ, ਗਿਆਨ ਸਿੰਘ, ਦਲਬੀਰ ਸਿੰਘ ਤੇ ਪਰਮਜੀਤ ਸਿੰਘ ਆਦਿ ਸ਼ਾਮਲ ਸਨ।