ਸ਼ਾਹਕੋਟ ਚੋਣ ''ਚ ਭਗਵੰਤ ਮਾਨ ਤੇ ਖਹਿਰਾ ਗਾਇਬ ਕਿਉਂ

05/15/2018 7:07:15 PM

ਜਲੰਧਰ : 28 ਮਈ ਨੂੰ ਸ਼ਾਹਕੋਟ ਹਲਕੇ 'ਚ ਹੋਣ ਵਾਲੀ ਜ਼ਿਮਨੀ ਚੋਣ 'ਚੋਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਕਿਧਰੇ ਵੀ ਨਜ਼ਰ ਨਹੀਂ ਆ ਰਹੇ ਹਨ। ਆਮ ਆਦਮੀ ਪਾਰਟੀ ਵਲੋਂ ਸ਼ਾਹਕੋਟ ਚੋਣ ਲਈ ਰਤਨ ਸਿੰਘ ਕਾਕੜ ਕਲਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਜਦਕਿ ਚੋਣਾਂ ਦੌਰਾਨ ਬੇਤਹਾਸ਼ਾ ਰੈਲੀਆਂ ਕਰਨ ਵਾਲੇ ਭਗਵੰਤ ਮਾਨ ਨੇ ਸ਼ਾਹਕੋਟ ਚੋਣ ਤੋਂ ਲਗਾਤਾਰ ਦੂਰੀ ਬਣਾਈ ਹੋਈ ਹੈ। ਇਥੋਂ ਤਕ ਕਿ ਮਾਨ ਵਲੋਂ ਅਜੇ ਤਕ ਇਸ ਚੋਣ ਸੰਬੰਧੀ ਕੋਈ ਵੀ ਬਿਆਨ ਵੀ ਨਹੀਂ ਦਿੱਤਾ ਗਿਆ। ਅਕਾਲੀ ਦਲ ਤੇ ਕਾਂਗਰਸ ਵਲੋਂ ਇਹ ਚੋਣ ਜਿੱਤਣ ਲਈ ਵਾਹ ਲਗਾਈ ਜਾ ਰਹੀ ਹੈ, ਉਥੇ ਹੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇਸ ਦੌਰਾਨ ਚੋਣ ਪ੍ਰਚਾਰ ਵਿਚ ਕਿਤੇ ਵੀ ਨਜ਼ਰ ਨਹੀਂ ਆ ਰਹੀ ਹੈ। 
ਦੱਸਣਯੋਗ ਹੈ ਕਿ ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਨੇ 'ਆਪ' ਹਾਈ ਕਮਾਨ ਨੂੰ ਸ਼ਾਹਕੋਟ ਜ਼ਿਮਨੀ ਚੋਣ ਨਾ ਲੜਨ ਦੀ ਸਲਾਹ ਦਿੱਤੀ ਪਰ ਬਾਵਜੂਦ ਇਸ ਦੇ ਪਾਰਟੀ ਵਲੋਂ ਚੋਣ ਮੈਦਾਨ ਵਿਚ ਆਪਣਾ ਉਮੀਦਵਾਰ ਉਤਾਰ ਦਿੱਤਾ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਹਰਸਿਮਰਤ ਕੌਰ ਬਾਦਲ ਨੇ ਭਗਵੰਤ ਮਾਨ ਦੇ ਕਾਂਗਰਸੀ ਪਾਰਟੀ ਵਿਚ ਜਾਣ ਦੇ ਚਰਚਿਆਂ ਦੀ ਗੱਲ ਵੀ ਆਖੀ ਸੀ। ਪਾਰਟੀ ਦੇ ਸੂਬਾ ਪ੍ਰਧਾਨ ਚੋਣ ਵਿਚੋਂ ਗਾਇਬ ਹੋਣਾਂ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ। ਹਾਲਾਂਕਿ 'ਜਗ ਬਾਣੀ' ਨਾਲ ਫੋਨ 'ਤੇ ਗੱਲ ਕਰਦਿਆ ੍ਰਖਹਿਰਾ ਨੇ ਦਾਅਵਾ ਕੀਤਾ ਹੈ ਕਿ ਉਹ ਜਲਦ ਹੀ ਸ਼ਾਹਕੋਟ ਚੋਣਾਂ ਵਿਚ ਉਤਰ ਰਹੇ ਹਨ।