ਜੰਮੂ ਸੈਕਸ ਸਕੈਂਡਲ ਕੇਸ ਸਬੰਧੀ ਫੈਸਲਾ ਅੱਜ

05/30/2018 2:38:07 AM

ਚੰਡੀਗੜ੍ਹ, (ਸੰਦੀਪ)- ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ 'ਚ ਚੱਲ ਰਹੇ ਜੰਮੂ ਸੈਕਸ ਸਕੈਂਡਲ ਮਾਮਲੇ ਵਿਚ ਅਦਾਲਤ ਬੁੱਧਵਾਰ ਨੂੰ ਫੈਸਲਾ ਸੁਣਾਏਗੀ। ਮਾਮਲੇ 'ਚ ਬਚਾਅ ਪੱਖ ਵਲੋਂ ਪੀੜਤਾ ਦੇ ਫਿਰ ਬਿਆਨ ਕਰਵਾਉਣ ਸਬੰਧੀ ਪਟੀਸ਼ਨ ਦਰਜ ਕਰਨ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਲੋਂ ਮਾਮਲੇ ਵਿਚ ਫੈਸਲਾ ਸੁਣਾਏ ਜਾਣ 'ਤੇ ਰੋਕ ਲਾ ਦਿੱਤੀ ਸੀ ਪਰ ਕੁਝ ਦਿਨ ਪਹਿਲਾਂ ਹਾਈ ਕੋਰਟ ਨੇ ਪਟੀਸ਼ਨ ਖਾਰਿਜ ਕਰਕੇ ਰੋਕ ਹਟਾ ਦਿੱਤੀ ਹੈ। 
ਸੀ. ਬੀ. ਆਈ. ਦੇ ਸਰਕਾਰੀ ਵਕੀਲ ਨੇ ਹਾਈ ਕੋਰਟ ਦੇ ਇਸ ਹੁਕਮ ਦੀ ਕਾਪੀ ਵਿਸ਼ੇਸ਼ ਅਦਾਲਤ ਵਿਚ ਸੌਂਪ ਦਿੱਤੀ ਹੈ। ਇਸ 'ਤੇ ਵਿਸ਼ੇਸ਼ ਅਦਾਲਤ ਨੇ ਮਾਮਲੇ 'ਚ ਆਖਰੀ ਫੈਸਲਾ ਸੁਣਾਏ ਜਾਣ ਲਈ 30 ਮਈ ਦੀ ਤਾਰੀਕ ਤੈਅ ਕੀਤੀ ਸੀ। ਧਿਆਨਯੋਗ ਹੈ ਕਿ ਸਬੰਧਤ ਮਾਮਲਾ ਅਪ੍ਰੈਲ 2006 'ਚ ਜੰਮੂ ਤੇ ਕਸ਼ਮੀਰ ਵਿਚ ਇਕ ਪੋਰਨ ਐੱਮ. ਐੱਮ. ਐੱਸ. ਫੈਲਣ ਨਾਲ ਚਰਚਾ ਵਿਚ ਆਇਆ ਸੀ।  ਸ਼ਬੀਨਾ ਨਾਂ ਦੀ ਔਰਤ 'ਤੇ ਲੜਕੀਆਂ ਨੂੰ ਹਾਈ ਪ੍ਰੋਫਾਈਲ ਲੋਕਾਂ ਨੂੰ ਦੇਹ ਵਪਾਰ ਲਈ ਸਪਲਾਈ ਕਰਨ ਦਾ ਦੋਸ਼ ਸੀ। ਇਸ ਕੰਮ 'ਚ ਉਸਦੇ ਪਤੀ ਅਬਦੁਲ ਹਾਮਿਦ 'ਤੇ ਵੀ ਦੋਸ਼ ਲਾਏ ਗਏ ਸਨ। ਹਾਈ ਕੋਰਟ ਦੇ ਹੁਕਮ 'ਤੇ ਮਾਮਲੇ ਦੀ ਜਾਂਚ 2006 'ਚ ਸੀ. ਬੀ. ਆਈ. ਨੂੰ ਸੌਂਪ ਦਿੱਤੀ ਗਈ ਸੀ। ਮਾਮਲੇ 'ਚ ਜੰਮੂ ਤੇ ਕਸ਼ਮੀਰ ਦੇ ਸਾਬਕਾ ਮੰਤਰੀ ਤੇ ਕੁਝ ਪੁਲਸ ਅਧਿਕਾਰੀਆਂ ਤਕ ਨੂੰ ਮੁਲਜ਼ਮ ਬਣਾਇਆ ਗਿਆ ਸੀ।