ਸੇਰੇਨਾ ''ਬਲੈਕ ਪੈਂਥਰ'' ਕੈਟਸੂਟ ''ਚ ਖੇਡਣਾ ਰੱਖੇਗੀ ਜਾਰੀ

06/01/2018 3:42:20 AM

ਪੈਰਿਸ— ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ 'ਬਲੈਕ ਪੈਂਥਰ' ਕੈਟਸੂਟ 'ਤੇ ਉਠੇ ਸਵਾਲਾਂ ਦੇ ਬਾਵਜੂਦ ਫ੍ਰੈਂਚ ਓਪਨ ਵਿਚ ਅੱਗੇ ਵੀ ਇਸ ਪਹਿਰਾਵੇ ਵਿਚ ਕੋਰਟ 'ਤੇ ਉਤਰੇਗੀ। ਅਮਰੀਕਾ ਦੀ 36 ਸਾਲ ਦੀ ਇਸ ਖਿਡਾਰਨ ਦੀ ਡ੍ਰੈਸ 'ਤੇ ਇਹ ਸਵਾਲ ਉਠਿਆ ਕਿ ਇਸ ਨਾਲ ਖੇਡ ਦੌਰਾਨ ਕੋਰਟ ਵਿਚ ਪਹਿਨੇ ਜਾਣ ਵਾਲੇ ਕੱਪੜਿਆਂ ਦੇ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ ਜਾਂ ਨਹੀਂ।  ਮੰਗਲਵਾਰ ਨੂੰ ਪਹਿਲੇ ਦੌਰ ਦੇ ਮੁਕਾਬਲੇ ਵਿਚ ਸੇਰੇਨਾ ਇਸੇ ਪਹਿਰਾਵੇ ਵਿਚ ਦਿਖੀ ਸੀ। ਸੇਰੇਨਾ ਨੇ ਮਾਂ ਬਣਨ ਤੋਂ ਬਾਅਦ ਰੋਲਾਂ ਗੈਰਾਂ ਵਿਚ ਸ਼ਾਨਦਾਰ ਵਾਪਸੀ ਕਰਦਿਆਂ ਚੈੱਕ ਗਣਰਾਜ ਦੀ ਕ੍ਰਿਸਟੀਨਾ ਪਿਲਸਕੋਵਾ ਨੂੰ ਹਰਾ ਕੇ ਗ੍ਰੈਂਡ ਸਲੈਮ ਵਿਚ ਜਿੱਤ ਨਾਲ ਵਾਪਸੀ ਕੀਤੀ। 
ਮੈਚ ਤੋਂ ਬਾਅਦ ਹਾਲਾਂਕਿ ਸੇਰੇਨਾ ਦੀ ਜਿੱਤ ਤੋਂ ਵੱਧ ਸੁਰਖੀਆਂ ਉਸਦੀ ਡ੍ਰੈਸ ਨੇ ਬਟੋਰੀਆਂ। ਉਹ ਕੈਟਸੂਟ ਵਿਚ 'ਸੁਪਰ ਹੀਰੋ' ਤੇ 'ਵਾਰੀਅਰਸ ਪ੍ਰਿੰਸੇਸ' ਤੋਂ ਉਤਸ਼ਾਹਿਤ ਸੀ, ਜਿਸ ਨੂੰ ਖੇਡ ਕੱਪੜੇ ਬਣਾਉਣ ਵਾਲੀ ਕੰਪਨੀ ਨਾਈਕੀ ਨੇ ਤਿਆਰ ਕੀਤਾ ਹੈ।