ਸਿਖਰ ਦੁਪਹਿਰ ਡਿੱਗੀ ਗਰੀਬ ਬਜ਼ੁਰਗ ਦੇ ਕਮਰੇ ਦੀ ਛੱਤ, ਜਾਨੀ ਨੁਕਸਾਨ ਤੋਂ ਬਚਾਅ

05/27/2018 7:39:18 AM


ਅਜੀਤਵਾਲ (ਰੱਤੀ) - ਸਥਾਨਕ ਕਸਬੇ ਵਿਖੇ ਇਕ ਗਰੀਬ ਬਜ਼ੁਰਗ ਦੇ ਮਕਾਨ ਦੀ ਛੱਤ ਅਚਾਨਕ ਡਿੱਗ ਗਈ, ਜਿਸ ਕਰਨ ਉਸ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ। 
ਮਿਲੀ ਜਾਣਕਾਰੀ ਅਨੁਸਾਰ 65 ਸਾਲਾਂ ਬਜ਼ੁਰਗ ਸਿੰਗਰਾਂ ਸਿੰਘ ਘਰ 'ਚ ਇਕੱਲਾ ਰਹਿੰਦਾ ਸੀ। ਬੀਤੇ ਦਿਨ ਗਰਮੀ ਜ਼ਿਆਦਾ ਹੋਣ ਕਾਰਨ ਉਹ ਕਮਰੇ 'ਚ ਅਰਾਮ ਕਰ ਰਿਹਾ ਸੀ ਕਿ ਅਚਾਨਕ ਉਸ ਨੂੰ ਕਮਰੇ ਦੀ ਸਤੀਰੀ ਦੇ ਟੁੱਟਣ ਦੀ ਅਵਾਜ਼ ਸਣਾਈ ਦਿੱਤੀ। ਉਹ ਭੱਜ ਕੇ ਕਮਰੇ 'ਚੋਂ ਬਾਹਰ ਆ ਗਿਆ ਤੇ ਕੁੱਝ ਕੁ ਸਕਿੰਟਾ 'ਚ ਹੀ ਕਮਰੇ ਦੀ ਛੱਤ ਡਿੱਗ ਪਈ। ਛੱਤ ਡਿੱਗਣ ਕਾਰਨ ਕਮਰੇ ਅੰਦਰ ਪਈ ਪੇਟੀ, ਮੰਜੇ, ਬਰਤਨ ਤੇ ਘਰ ਦਾ ਹੋਰ ਕੀਮਤੀ ਸਮਾਨ ਛੱਤ ਦੀ ਮਿੱਟੀ ਹੇਠ ਦੱਬ ਗਿਆ। ਪੀੜਤ ਬਜ਼ੁਰਗ ਸਿੰਗਾਰਾਂ ਸਿੰਘ ਨੇ ਦੁੱਖੀ ਮਨ ਨਾਲ ਦੱਸਿਆ ਕਿ ਉਹ ਮਜ਼ਦੂਰੀ ਕਰਕੇ ਆਪਣਾ ਜੀਵਨ ਬਸਰ ਕਰ ਰਿਹਾ ਸੀ ਅਤੇ ਦੁਬਾਰਾ ਛੱਤ ਬਣਾਉਣ ਦੀ ਉਸ 'ਚ ਹਿੰਮਤ ਨਹੀਂ। ਇਸ ਮੌਕੇ ਸਰਪੰਚ ਸਤਿੰਦਰਪਾਲ ਸਿੰਘ ਰਾਜੂ, ਪੰਚ ਚਰਨਜੀਤ ਸਿੰਘ, ਪੰਚ ਜੱਗਾ ਸਿੰਘ ਤੇ ਨਿਰਮਲ ਸਿੰਘ ਨੇ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਇਸ ਗਰੀਬ ਬਜ਼ੁਰਗ ਦੀ ਆਰਥਿਕ ਸਹਾਇਤਾ ਕਰਨ ਦੀ ਮੰਗ ਕੀਤੀ।