ਮਿਆਂਮਾਰ ਨੇ ਕਿਹਾ- 7 ਲੱਖ ਰੋਹਿੰਗਿਆ ਮੁਸਲਮਾਨਾਂ ਦੀ ਵਾਪਸੀ ਲਈ ਤਿਆਰ ਹਾਂ

06/03/2018 4:49:06 PM

ਸਿੰਗਾਪੁਰ— ਮਿਆਂਮਾਰ ਨੇ ਦੇਸ਼ ਛੱਡ ਕੇ ਬੰਗਲਾਦੇਸ਼ ਦੌੜੇ 7 ਲੱਖ ਰੋਹਿੰਗਿਆ ਮੁਸਲਮਾਨਾਂ ਨੂੰ ਵਾਪਸ ਲਿਆਉਣ ਦੀ ਇੱਛਾ ਜ਼ਾਹਰ ਕੀਤੀ ਹੈ। ਦੇਸ਼ ਦੇ ਰਾਸ਼ਟਰੀ ਸਕਿਓਰਿਟੀ ਅਡਵਾਈਜ਼ਰ ਥਾਂਗ ਤੁਨ ਨੇ ਕਿਹਾ ਕਿ ਜੇਕਰ ਸਾਰੇ ਰੋਹਿੰਗਿਆ ਵਾਪਸ ਆਉਣਾ ਚਾਹੁੰਦੇ ਹਨ ਤਾਂ ਮਿਆਂਮਾਰ ਇਸ ਲਈ ਰਾਜ਼ੀ ਹੈ। ਥਾਂਗ ਸ਼ਾਂਗਰੀ-ਲਾ ਗੱਲਬਾਤ ਦੌਰਾਨ ਸਿੰਗਾਪੁਰ 'ਚ ਬੋਲ ਰਹੇ ਸਨ, ਜਿੱਥੇ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਮਿਆਂਮਾਰ ਰੋਹਿੰਗਿਆ ਬਹੁਲ ਰਖਾਇਨ ਸੂਬੇ ਵਿਚ ਸੰਯੁਕਤ ਰਾਸ਼ਟਰ ਦੇ ਨਿਰਦੇਸ਼ਾਂ ਦਾ ਸਹੀ ਢੰਗ ਨਾਲ ਪਾਲਣ ਕਰ ਸਕਦਾ ਹੈ? ਥਾਂਗ ਨੇ ਕਿਹਾ ਕਿ ਜੇਕਰ ਉਨ੍ਹਾਂ 7 ਲੱਖ ਰੋਹਿੰਗਿਆ ਮੁਸਲਮਾਨਾਂ ਨੂੰ ਉਨ੍ਹਾਂ ਦੀ ਇੱਛਾ ਤੋਂ ਵਾਪਸ ਭੇਜਿਆ ਜਾ ਸਕਦਾ ਹੈ, ਤਾਂ ਅਸੀਂ ਉਨ੍ਹਾਂ ਦਾ ਸਵਾਗਤ ਕਰਨ ਨੂੰ ਤਿਆਰ ਹਾਂ। 
ਦੱਸਣਯੋਗ ਹੈ ਕਿ ਸਾਲ 2005 'ਚ ਮਿਆਂਮਾਰ ਲਈ ਆਰ2ਪੀ ਢਾਂਚੇ ਨੂੰ ਮਨਜ਼ੂਰੀ ਦਿੱਤੀ ਸੀ। ਇਸ ਦੇ ਮੁਤਾਬਕ ਦੇਸ਼ਾਂ ਨੇ ਆਪਣੀ ਆਬਾਦੀ ਨੂੰ ਕਤਲੇਆਨ, ਯੁੱਧ ਅਪਰਾਧ, ਨਸਲੀ ਸਫਾਏ ਅਤੇ ਮਨੁੱਖਤਾ ਵਿਰੁੱਧ ਅਪਰਾਧਾਂ ਤੋਂ ਬਚਾਉਣ 'ਤੇ ਸਹਿਮਤੀ ਜ਼ਾਹਰ ਕੀਤੀ ਸੀ। 
ਜ਼ਿਕਰਯੋਗ ਹੈ ਕਿ ਮਿਆਂਮਾਰ ਅਤੇ ਬੰਗਲਾਦੇਸ਼ੀ ਇਸੇ ਸਾਲ ਜਨਵਰੀ ਵਿਚ ਇਸ ਗੱਲ 'ਤੇ ਰਾਜ਼ੀ ਹੋਏ ਸਨ ਕਿ ਜੇਕਰ ਰੋਹਿੰਗਿਆ ਸ਼ਰਨਾਰਥੀ ਆਪਣੀ ਇੱਛਾ ਨਾਲ ਵਾਪਸ ਜਾਣਾ ਚਾਹੁੰਦੇ ਹਨ ਤਾਂ ਅਗਲੇ 2 ਸਾਲ ਵਿਚ ਇਸ ਦੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਮਿਆਂਮਾਰ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ (ਯੂ. ਐੱਨ.) ਨਾਲ ਇਕ ਸਮਝੌਤੇ 'ਤੇ ਦਸਤਖਤ ਕੀਤੇ ਹਨ, ਜਿਸ ਦਾ ਮਕਸਦ ਰੋਹਿੰਗਿਆ ਸ਼ਰਨਾਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣਾ ਹੈ। ਥਾਂਗ ਨੇ ਇਸ ਦੇ ਨਾਲ ਹੀ ਕਿਹਾ ਕਿ ਰਖਾਇਨ 'ਚ ਜੋ ਹੋਇਆ ਉਹ ਕਹਾਣੀ ਅਧੂਰੀ ਹੈ। ਮਿਆਂਮਾਰ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਰਖਾਇਨ 'ਚ ਜੋ ਹੋਇਆ ਉਹ ਮਨੁੱਖਤਾ ਲਈ ਸੰਕਟ ਨਹੀਂ ਹੈ। ਇਸ ਗੱਲ ਤੋਂ ਵੀ ਕੋਈ ਇਨਕਾਰ ਨਹੀਂ ਕਰਦਾ ਕਿ ਰਖਾਇਨ ਦੇ ਰੋਹਿੰਗਿਆ ਮੁਸਲਮਾਨਾਂ ਨੇ ਬਹੁਤ ਦੁੱਖ ਝੱਲੇ ਹਨ ਪਰ ਰਖਾਇਨ ਵਿਚ ਰਹਿਣ ਵਾਲੇ ਬੌਧਾਂ, ਹਿੰਦੂਆਂ ਅਤੇ ਹੋਰ ਘੱਟ ਗਿਣਤੀ ਭਾਈਚਾਰੇ ਨੇ ਵੀ ਘੱਟ ਦੁੱਖ ਨਹੀਂ ਝੱਲੇ ਹਨ।