ਮਿਰਜ਼ਾ ਪੱਤੀ ਤੇ ਨਮੋਲ ਪਿੰਡ ''ਚ ਰਿਜ਼ਰਵ ਕੋਟੇ ਦੀ ਜ਼ਮੀਨ ਦੀ ਬੋਲੀ ਰੱਦ

05/24/2018 11:21:28 AM

ਸੰਗਰੂਰ (ਬੇਦੀ, ਹਰਜਿੰਦਰ) — ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਵੱਲੋਂ ਮਿਰਜ਼ਾ ਪੱਤੀ ਨਮੋਲ ਦੀ ਰਿਜ਼ਰਵ ਕੋਟੇ ਦੀ ਜ਼ਮੀਨ ਦੀ ਬੋਲੀ ਸਬੰਧੀ ਦਲਿਤ ਮਜ਼ਦੂਰ ਭਾਈਚਾਰੇ ਵੱਲੋਂ ਇਹ ਮੰਗ ਉਠਾਈ ਗਈ ਕਿ ਸਾਡੀ ਜ਼ਮੀਨ ਦੀ ਬੋਲੀ ਦਲਿਤ ਮਜ਼ਦੂਰਾਂ ਦੀ ਧਰਮਸ਼ਾਲਾ 'ਚ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਫੋਨ ਤੇ ਬੀ.ਡੀ.ਪੀ.ਓ.ਨੇ ਮਜ਼ਦੂਰਾਂ ਦੀ ਧਰਮਸ਼ਾਲਾ 'ਚ ਬੋਲੀ ਕਰਵਾਉਣ ਬਾਰੇ ਕਹਿ ਦਿੱਤਾ ਸੀ ਪਰ ਪੰਚਾਇਤ ਸੈਕਟਰੀ ਇਸ 'ਤੇ ਅੜ੍ਹਿਆ ਰਿਹਾ ਕਿ ਮੈਂ ਤਾਂ ਬੋਲੀ ਡਿਸਪੈਂਸਰੀ 'ਚ ਹੀ ਕਰਵਾਈ ਜਾਵੇਗੀ, ਜਿਸ ਕਾਰਨ ਬੋਲੀ ਰੱਦ ਹੋ ਗਈ। ਸੈਕਟਰੀ ਦੇ ਅੜ੍ਹੀਅਲ ਰਵੱਈਏ ਖਿਲਾਫ ਦਲਿਤ ਮਜ਼ਦੂਰ ਭਾਈਚਾਰੇ ਨੇ ਪਿੰਡ ਅੰਦਰ ਰੋਸ ਮਾਰਚ ਕੀਤਾ । 
ਇਸ ਉਪਰੰਤ ਦੂਸਰੇ ਨਮੋਲ ਪਿੰਡ ਦੀ ਪੰਚਾਇਤੀ ਨੇ ਰਿਜ਼ਰਵ ਕੋਟੇ ਜ਼ਮੀਨ ਦੀ ਬੋਲੀ ਦਲਿਤ ਮਜ਼ਦੂਰ ਭਾਈਚਾਰੇ ਦੀ ਮੰਗ ਮੁਤਾਬਕ ਦਲਿਤ ਮਜ਼ਦੂਰਾਂ ਦੀ ਧਰਮਸ਼ਾਲਾ 'ਚ ਹੀ ਕੀਤੀ । ਬੀ.ਡੀ.ਪੀ.ਓ. ਸੁਖਚੈਨ ਸਿੰਘ ਅਤੇ ਪੰਚਾਇਤ ਸੈਕਟਰੀ ਦੀ ਹਾਜ਼ਰੀ 'ਚ ਬੋਲੀ ਵਾਸਤੇ ਸਕਿਓਰਿਟੀ ਭਰਨ ਲਈ ਕਿਹਾ ਗਿਆ। ਸਮੂਹ ਦਲਿਤ ਮਜ਼ਦੂਰ ਭਾਈਚਾਰੇ ਵੱਲੋਂ ਤੈਅ ਕੀਤੇ ਤਿੰਨ ਮਜ਼ਦੂਰ ਗੁਰਦਿੱਤ ਸਿੰਘ, ਗੁਰਸ਼ੇਵ ਸਿੰਘ ਅਤੇ ਪਾਰਸ ਸਿੰਘ ਨੇ ਸਕਿਓਰਿਟੀ ਭਰੀ ਪਰ ਬੀ.ਡੀ.ਪੀ.ਓ. ਨੇ ਬੋਲੀ ਪਿਛਲੇ ਸਾਲ ਨਾਲੋਂ ਸੱਤ ਫੀਸਦੀ ਵਧਾ ਕੇ ਕਰਨ ਦੀ ਪੇਸ਼ਕਸ਼ ਕੀਤੀ ਤਾਂ ਸਮੂਹ ਦਲਿਤ ਮਜ਼ਦੂਰ ਭਾਈਚਾਰੇ ਨੇ ਇਸ ਨੂੰ ਸਿਰੇ ਤੋਂ ਨਕਾਰ ਦਿੱਤਾ । ਦਲਿਤ ਮਜ਼ਦੂਰ ਪਿਛਲੇ ਸਾਲ ਨਾਲੋਂ ਸਿਰਫ ਪੰਜਾਹ ਰੁਪਏ ਬੋਲੀ ਵਧਾ ਕੇ ਦੇਣਾ ਚਾਹੁੰਦੇ ਸਨ । ਜ਼ਿਕਰਯੋਗ ਹੈ ਕਿ ਪਿਛਲੇ ਸਾਲ ਰਿਜ਼ਰਵ ਕੋਟੇ 9 ਏਕੜ ਜ਼ਮੀਨ ਦੀ ਬੋਲੀ 1 ਲੱਖ 84 ਹਜ਼ਾਰ 500 ਰੁਪਏ 'ਚ ਹੋਈ । ਇਸ ਵਾਰ ਬੀ.ਡੀ.ਪੀ.ਓ. ਨੇ ਬੋਲੀ 1 ਲੱਖ 98000 ਰੁ: ਤੋਂ ਸ਼ੁਰੂ ਕੀਤੀ । ਮਜ਼ਦੂਰਾਂ ਵੱਲੋਂ ਪਿਛਲੇ ਸਾਲ ਨਾਲੋਂ 50 ਰੁਪਏ ਵਧਾ ਕੇ ਬੋਲੀ ਦਿੱਤੀ ਗਈ ਤਾਂ ਬੀ.ਡੀ.ਪੀ.ਓ.ਨੇ ਅਸਮਰਥਾ ਪ੍ਰਗਟਾਉਂਦੇ ਹੋਏ ਬੋਲੀ ਰੱਦ ਕਰ ਦਿੱਤੀ ।