ਜਬਰ-ਜ਼ਨਾਹ ਦੇ ਕੇਸ ''ਚ ਪੀੜਤ ਦੀ ਗੁਪਤ ਰੱਖੀ ਜਾਵੇ ਪਛਾਣ

05/26/2018 7:43:32 AM

ਫਾਜ਼ਿਲਕਾ (ਲੀਲਾਧਰ, ਨਾਗਪਾਲ) : ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਦਫਤਰ ਡਿਪਟੀ ਸੁਪਰਡੰਟ ਪੁਲਿਸ 'ਚ ਡੀ. ਐੱਸ. ਪੀ. ਨਰਿੰਦਰ ਸਿੰਘ ਦੀ ਪ੍ਰਧਾਨਗੀ 'ਚ ਜੁਵੇਨਾਇਲ ਪੁਲਸ ਯੁਨਿਟ ਦੇ ਮੈਬਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਲੀਗਲ-ਕਮ-ਪ੍ਰੋਬੇਸ਼ਨ ਅਫਸਰ ਅਜੇ ਸ਼ਰਮਾ ਨੇ ਜੁਵੇਨਾਇਲ ਜ਼ਸਟਿਸ ਐਕਟ 2015 ਅਤੇ ਪੋਕਸੋ ਐਕਟ 2012 ਸਬੰਧੀ ਮੈਂਬਰਾਂ ਨੂੰ ਜਾਣੂ ਕਰਵਾਇਆ। 
ਇਸ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਨੇ ਇਨ੍ਹਾਂ ਐਕਟਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਬਰ-ਜ਼ਨਾਹ ਨਾਲ ਪੀੜਤ ਦੀ ਪਛਾਣ ਨੂੰ ਇਨ੍ਹਾਂ ਐਕਟਾਂ ਤਹਿਤ ਗੁਪਤ ਰੱਖਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜਬਰ-ਜ਼ਨਾਹ ਤੋਂ ਪੀੜਤ ਵਿਅਕਤੀ ਲਈ ਨਾ ਭੁੱਲਣਯੋਗ ਪੀੜਾ ਸਹਿਨ ਕਰਨ ਤੋਂ ਇਲਾਵਾ ਉਸਦੇ ਪਰਿਵਾਰ ਅਤੇ ਪੀੜਤ ਦੇ ਮਨੋਬਲ 'ਤੇ ਭਾਰੀ ਠੇਸ ਪਹੁੰਚਦੀ ਹੈ। ਜ਼ਿਲਾ ਬਾਲ ਸੁਰੱਖਿਆ ਅਫਸਰ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਲਈ ਬਣਾਏ ਗਏ ਪੋਕਸੋ ਅਤੇ ਜਿਨਸੀ ਅਪਰਾਧ ਤੋਂ ਬਾਲ ਸੁਰੱਖਿਆ ਐਕਟਾਂ 'ਚ ਸਾਫ-ਸੁਥਰਾ ਲਿਖਿਆ ਹੈ ਕਿ ਜਬਰ-ਜ਼ਨਾਹ ਦੇ ਪੀੜਿਤ ਦੀ ਪਛਾਣ ਗੁਪਤ ਰੱਖਣੀ ਲਾਜ਼ਮੀ ਹੁੰਦੀ ਹੈ ਤਾਂ ਜੋ ਉਸਨੂੰ ਹੋਰ ਮਾਨਸਿਕ ਅਤੇ ਸਮਾਜਿਕ ਪੀੜ ਨਾ ਸਹਿਨ ਕਰਨੀ ਪਵੇ। ਇਸ ਮੌਕੇ ਬਾਲ ਸੁਰੱਖਿਆ ਯੁਨਿਟ ਵੱਲੋਂ ਸੋਸ਼ਲ ਵਰਕਰ ਮੈਡਮ ਗੁਰਜੀਤ ਕੌਰ ਅਤੇ ਨਿਸ਼ਾਨ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।