ਰਾਜਸਥਾਨ ਤੇ ਮੱਧ ਪ੍ਰਦੇਸ਼ ''ਚ ਭਾਜਪਾ ਨੂੰ ਝਟਕਾ, ਕਾਂਗਰਸ ਨੂੰ ਲਾਭ

05/25/2018 10:39:27 AM

ਨਵੀਂ ਦਿੱਲੀ— ਕਰਨਾਟਕ ਵਿਚ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਸੱਤਾ ਤੋਂ ਦੂਰ ਰਹਿਣ ਵਾਲੀ ਭਾਜਪਾ ਲਈ ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਵੀ ਬੁਰੀ ਖਬਰ ਸਾਹਮਣੇ ਆ ਰਹੀ ਹੈ। ਮੋਦੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ ਏ.  ਬੀ. ਪੀ. ਨਿਊਜ਼ ਅਤੇ ਸੀ. ਐੱਸ. ਡੀ. ਐੱਸ-ਲੋਕ ਨੀਤੀ ਵਲੋਂ ਕਰਵਾਏ ਗਏ ਸਾਂਝੇ ਸਰਵੇਖਣ ਵਿਚ ਇਹ ਸਿੱਟਾ ਸਾਹਮਣੇ ਆਇਆ ਹੈ ਕਿ ਇਸ ਸਾਲ ਦੇ ਅੰਤ ਵਿਚ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਧਾਨ ਸਭਾਵਾਂ ਲਈ ਪੈਣ ਵਾਲੀਆਂ ਵੋਟਾਂ ਵਿਚ ਭਾਜਪਾ ਦੀ ਹਾਲਤ ਪਹਿਲਾਂ ਤੋਂ ਵੀ ਖਰਾਬ ਹੈ।
ਸਰਵੇਖਣ ਮੁਤਾਬਕ ਰਾਜਸਥਾਨ 'ਚ ਭਾਜਪਾ ਨੂੰ 39 ਫੀਸਦੀ, ਕਾਂਗਰਸ ਨੂੰ 44 ਫੀਸਦੀ ਅਤੇ ਹੋਰਨਾਂ ਨੂੰ 17 ਫੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਹੈ। ਜੇ ਪਿਛਲੀਆਂ ਚੋਣਾਂ ਦੀ ਗੱਲ ਕਰੀਏ ਤਾਂ 2013 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ 45.17, ਕਾਂਗਰਸ ਨੂੰ 33.07 ਅਤੇ ਹੋਰਨਾਂ ਨੂੰ 21.76 ਫੀਸਦੀ ਵੋਟਾਂ ਮਿਲੀਆਂ ਸਨ। 
ਸਰਵੇਖਣ ਮੁਤਾਬਕ ਮੱਧ ਪ੍ਰਦੇਸ਼ 'ਚ ਵੀ ਭਾਜਪਾ ਨੂੰ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ। ਭਾਜਪਾ ਨੂੰ 34, ਕਾਂਗਰਸ ਨੂੰ 49 ਅਤੇ ਹੋਰਨਾਂ ਨੂੰ 17 ਫੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਭਾਜਪਾ ਨੂੰ 44.88, ਕਾਂਗਰਸ ਨੂੰ 36.38 ਅਤੇ ਹੋਰਨਾਂ ਨੂੰ 18.75 ਫੀਸਦੀ ਵੋਟਾਂ ਮਿਲੀਆਂ ਸਨ।
230 ਮੈਂਬਰੀ ਮੱਧ ਪ੍ਰਦੇਸ਼ ਵਿਧਾਨ ਸਭਾ ਵਿਚ ਭਾਜਪਾ ਦੇ ਖਾਤੇ ਵਿਚ ਫਿਲਹਾਲ 165 ਅਤੇ ਕਾਂਗਰਸ ਦੇ ਖਾਤੇ ਵਿਚ 58 ਸੀਟਾਂ ਹਨ। ਇਹ ਸਰਵੇਖਣ 28 ਅਪ੍ਰੈਲ 2018 ਤੋਂ 17 ਮਈ 2018 ਦਰਮਿਆਨ 175 ਸੀਟਾਂ ਲਈ ਕੀਤਾ ਗਿਆ ਸੀ। ਕੁਲ 15859 ਲੋਕਾਂ ਦੀ ਰਾਏ ਲਈ ਗਈ।
ਕੇਂਦਰ 'ਚ ਰਾਜਗ ਦੀ ਵਾਪਸੀ ਦੇ ਆਸਾਰ
ਜਿਥੋਂ ਤਕ ਕੇਂਦਰ ਸਰਕਾਰ ਦਾ ਸਵਾਲ ਹੈ, ਸਰਵੇਖਣ ਵਿਚ ਰਾਜਗ ਦੀ ਵਾਪਸੀ ਦੇ ਆਸਾਰ ਨਜ਼ਰ ਆ ਰਹੇ ਹਨ। ਜੇ ਅੱਜ ਚੋਣਾਂ ਹੋਣ ਤਾਂ ਰਾਜਗ ਨੂੰ 274, ਯੂ. ਪੀ. ਏ. ਨੂੰ 164 ਅਤੇ ਹੋਰਨਾਂ ਨੂੰ 105 ਸੀਟਾਂ ਮਿਲਣ ਦਾ ਅਨੁਮਾਨ ਲਾਇਆ ਗਿਆ ਹੈ।
ਰਾਜਗ ਨੂੰ ਪੂਰਬੀ, ਉੱਤਰੀ ਅਤੇ ਪੱਛਮੀ ਭਾਰਤ ਵਿਚ ਵਿਰੋਧੀ ਧਿਰ ਦੇ ਮੁਕਾਬਲੇ ਭਾਰੀ ਵਾਧੇ ਦਾ ਅਨੁਮਾਨ ਲਾਇਆ ਗਿਆ ਹੈ। ਦੱਖਣ ਵਿਚ ਯੂ. ਪੀ. ਏ. ਦੀ ਲੀਡ ਵਧਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਜਿਥੋਂ ਤਕ ਵੋਟ ਫੀਸਦੀ ਦਾ ਸਵਾਲ ਹੈ, ਐੱਨ. ਡੀ. ਏ. ਨੂੰ 37, ਯੂ. ਪੀ. ਏ. ਨੂੰ 31 ਅਤੇ ਹੋਰਨਾਂ ਨੂੰ 32 ਫੀਸਦੀ ਵੋਟਾਂ ਮਿਲਣ ਦਾ ਅਨੁਮਾਨ ਹੈ।