12ਵੀਂ ਸਾਇੰਸ, ਕਾਮਰਸ ਗਰੁੱਪ ਦੀ ਅਨੁਪੂਰਕ ਪ੍ਰੀਖਿਆ ਜੂਨ ਦੇ ਆਖ਼ਰੀ ਹਫਤੇ

06/02/2018 1:38:36 AM

ਮੋਹਾਲੀ (ਨਿਆਮੀਆਂ) - ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਹਰਗੁਣਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 10ਵੀਂ ਅਤੇ 12ਵੀਂ ਦੀ ਮਾਰਚ 2018 ਦੀ ਪ੍ਰੀਖਿਆ ਵਿਚੋਂ ਜਿਨ੍ਹਾਂ ਪ੍ਰੀਖਿਆਰਥੀਆਂ ਦੀ ਰੀ-ਅਪੀਅਰ/ ਕੰਪਾਰਟਮੈਂਟ ਆਈ ਸੀ, ਉਨ੍ਹਾਂ ਪ੍ਰੀਖਿਆਰਥੀਆਂ ਦੀ ਰੀਅਪੀਅਰ/ ਕੰਪਾਰਟਮੈਂਟ/ਵਾਧੂ ਵਿਸ਼ੇ ਦੀ ਅਨੁਪੂਰਕ ਪ੍ਰੀਖਿਆ ਅਗਸਤ 2018 ਵਿਚ ਲੈਣ ਸਬੰਧੀ 25 ਜੂਨ ਨੂੰ ਸ਼ਡਿਊਲ ਜਾਰੀ ਕੀਤਾ ਗਿਆ ਸੀ ਪਰ ਸਾਇੰਸ ਅਤੇ ਕਾਮਰਸ ਗਰੁੱਪ ਦੇ ਕੰਪਾਰਟਮੈਂਟ ਪ੍ਰੀਖਿਅਰਥੀਆਂ ਦੀ ਅਗਾਊਂ ਪ੍ਰੀਖਿਆ ਕਰਾਉਣ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਦੋਵੇਂ ਗਰੁੱਪਾਂ ਦੇ ਕੰਪਾਰਮੈਂਟ ਵਾਲੇ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਜੂਨ ਦੇ ਆਖਰੀ ਹਫਤੇ ਲੈਣ ਦਾ ਫ਼ੈਸਲਾ ਲਿਆ ਗਿਆ ਹੈ।  ਸਕੱਤਰ ਨੇ ਦੱਸਿਆ ਕਿ ਮਾਰਚ-2018 12ਵੀਂ ਜਮਾਤ ਦੇ ਸਾਇੰਸ ਅਤੇ ਕਾਮਰਸ ਗਰੁੱਪ ਦੇ ਕੰਪਾਰਟਮੈਂਟ ਵਾਲੇ ਪ੍ਰੀਖਿਆਰਥੀਆਂ ਦੀ ਅਨੁਪੂਰਕ ਪ੍ਰੀਖਿਆ ਦੇ ਪ੍ਰੀਖਿਆ ਫਾਰਮ ਅਤੇ ਪ੍ਰੀਖਿਆ ਫੀਸਾਂ ਜਮ੍ਹਾ ਕਰਾਉਣ ਦਾ ਸ਼ਡਿਊਲ ਮੁੜ ਨਿਸ਼ਚਿਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ 12ਵੀਂ ਦੇ ਸਾਇੰਸ ਅਤੇ ਕਾਮਰਸ ਗਰੁੱਪ ਦੇ ਕੰਪਾਰਟਮੈਂਟ ਵਿਸ਼ਿਆਂ ਦੀ ਅਨੁਪੂਰਕ ਪ੍ਰੀਖਿਆ ਲੈਣ ਲਈ ਫੀਸ 1350 ਰੁਪਏ ਨਿਰਧਾਰਤ ਕੀਤੀ ਗਈ ਹੈ। ਪ੍ਰੀਖਿਆਰਥੀ ਬਿਨਾਂ ਲੇਟ ਫੀਸ ਤੋਂ 11 ਜੂਨ ਤਕ ਅਤੇ 2000 ਰੁਪਏ ਲੇਟ ਫੀਸ ਨਾਲ 18 ਜੂਨ ਤਕ ਆਪਣੇ ਦਾਖਲਾ ਫਾਰਮ ਭਰ ਕੇ ਚਲਾਨ ਜਨਰੇਟ ਕਰਵਾ ਸਕਦੇ ਹਨ। ਬੈਂਕਾਂ ਵਿਚ ਫੀਸ ਭਰਨ/ਚਲਾਨ ਜਮ੍ਹਾ ਕਰਵਾਉਣ ਦੀ ਅੰਤਿਮ ਮਿਤੀ ਬਿਨਾਂ ਲੇਟ ਫੀਸ 15 ਜੂਨ ਅਤੇ 2000 ਰੁਪਏ ਲੇਟ ਫੀਸ ਨਾਲ 21 ਜੂਨ ਹੋਵੇਗੀ। ਪ੍ਰੀਖਿਆਰਥੀ ਆਪਣੇ ਬਿਨਾਂ ਲੇਟ ਫੀਸ ਵਾਲੇ ਪ੍ਰੀਖਿਆ ਫਾਰਮ ਖੇਤਰੀ ਦਫਤਰਾਂ ਅਤੇ ਮੁੱਖ ਦਫਤਰ ਵਿਖੇ 18 ਜੂਨ ਤਕ ਜਮ੍ਹਾ ਕਰਵਾ ਸਕਣਗੇ। ਇਸ ਉਪਰੰਤ ਲੇਟ ਫੀਸ ਵਾਲੇ ਦਾਖਲਾ ਫਾਰਮ ਕੇਵਲ ਮੁੱਖ ਦਫਤਰ ਵਿਖੇ 25 ਜੂਨ ਤਕ ਜਮ੍ਹਾ ਹੋਣਗੇ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਫੀਸ ਪੰਜਾਬ ਨੈਸ਼ਨਲ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਦੀਆਂ ਬ੍ਰਾਂਚਾ ਵਿਖੇ ਜਮ੍ਹਾ ਕਰਵਾਈ ਜਾ ਸਕੇਗੀ। ਪ੍ਰੀਖਿਆ ਫੀਸਾਂ, ਪ੍ਰੀਖਿਆ ਫਾਰਮ ਅਤੇ ਪ੍ਰਾਸਪੈਕਟਸ ਬੋਰਡ ਦੀ ਵੈੱਬਸਾਈਟ 'ਤੇ ਉਪਲੱਬਧ ਹਨ।