ਰੈਲੀ ''ਚ ਪੰਜਾਬ ਦੇ 22 ਵਿਧਾਇਕਾਂ ਦੀ ਗੈਰ ਹਾਜ਼ਰੀ ਕਾਰਨ ਹਾਈਕਮਾਨ ਦੀ ਚਿੰਤਾ ਵਧੀ

05/01/2018 1:35:54 PM

ਚੰਡੀਗੜ੍ਹ (ਭੁੱਲਰ) : ਪੰਜਾਬ ਮੰਤਰੀ ਮੰਡਲ ਵਿਸਥਾਰ ਦੇ ਬਾਅਦ ਕਾਂਗਰਸੀ ਵਿਧਾਇਕਾਂ 'ਚ ਪੈਦਾ ਹੋਏ ਰੋਸ ਦੌਰਾਨ ਪਿਛਲੇ ਦਿਨ ਨਵੀਂ ਦਿੱਲੀ 'ਚ ਪਾਰਟੀ ਵੱਲੋਂ 2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰੱਖੀ ਗਈ ਦੇਸ਼ ਵਿਆਪੀ ਰੈਲੀ 'ਚ ਪੰਜਾਬ ਦੇ 22 ਕਾਂਗਰਸੀ ਵਿਧਾਇਕਾਂ ਦੀ ਗੈਰ-ਹਾਜ਼ਰੀ ਨੇ ਪਾਰਟੀ ਹਾਈਕਮਾਨ ਦੀ ਚਿੰਤਾ ਵਧਾ ਦਿੱਤੀ ਹੈ।
ਇਸ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਕਾਂਗਰਸੀ ਵਿਧਾਇਕਾਂ 'ਚ ਵਿਸਥਾਰ ਦੇ ਸਮੇਂ ਪੈਦਾ ਹੋਈ ਨਾਰਾਜ਼ਗੀ ਹਾਲੇ ਵੀ ਖਤਮ ਨਹੀਂ ਹੋ ਰਹੀ। ਬੇਸ਼ੱਕ ਇਸ ਸਬੰਧ 'ਚ ਮੁੱਖ ਮੰਤਰੀ ਤੋਂ ਇਲਾਵਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਇੰਚਾਰਜ ਆਸ਼ਾ ਕੁਮਾਰੀ ਦੇ ਨਾਲ ਹਰੀਸ਼ ਚੌਧਰੀ ਵੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਪਿਛਲੇ ਦਿਨ ਨਵੀਂ ਦਿੱਲੀ 'ਚ ਹੋਈ ਪਾਰਟੀ ਦੀ ਰੈਲੀ 'ਚ ਪੰਜਾਬ ਦੇ ਵਿਧਾਇਕਾਂ ਦੀ ਗੈਰ-ਹਾਜ਼ਰੀ ਦਾ ਰਾਹੁਲ ਗਾਂਧੀ ਨੇ ਵੀ ਨੋਟਿਸ ਲਿਆ ਹੈ ਅਤੇ ਉਨ੍ਹਾਂ ਨੂੰ ਮਨਾਉਣ ਲਈ ਪਾਰਟੀ ਹਾਈਕਮਾਨ ਦੇ ਨੇਤਾਵਾਂ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਅੱਜ ਦੇਰ ਸ਼ਾਮ ਤੱਕ ਵੀ ਨਾਰਾਜ਼ ਚੱਲ ਰਹੇ ਕਈ ਵਿਧਾਇਕ ਦਿੱਲੀ 'ਚ ਹੀ ਮੌਜੂਦ ਸਨ। ਅਜਿਹੇ ਸਾਰੇ ਮੈਂਬਰਾਂ ਨੂੰ ਸੱਦ ਕੇ ਨਵੀਂ ਦਿੱਲੀ 'ਚ ਹੀ ਬੈਠਕਾਂ ਕੀਤੀਆਂ ਜਾਣਗੀਆਂ, ਜਿਨ੍ਹਾਂ 'ਚ ਪਾਰਟੀ ਪ੍ਰਧਾਨ ਸੁਨੀਲ ਜਾਖੜ ਨਾਲ ਆਸ਼ਾ ਕੁਮਾਰੀ ਅਤੇ ਹਰੀਸ਼ ਚੌਧਰੀ ਵੀ ਮੌਜੂਦ ਰਹਿਣਗੇ। ਜ਼ਿਕਰਯੋਗ ਹੈ ਕਿ ਦਿੱਲੀ 'ਚ ਹੋਈ ਰੈਲੀ 'ਚ ਜ਼ਿਆਦਾਤਰ ਉਹੀ ਵਿਧਾਇਕ ਮੌਜੂਦ ਨਹੀਂ ਹੋਏ, ਜੋ ਮੰਤਰੀ ਮੰਡਲ 'ਚ ਜਗ੍ਹਾ ਨਾ ਮਿਲਣ ਕਾਰਨ ਨਿਰਾਸ਼ ਦੱਸੇ ਜਾਂਦੇ ਹਨ।
ਇਨ੍ਹਾਂ 'ਚ ਸੰਗਤ ਸਿੰਘ ਗਿਲਜੀਆਂ, ਨੱਥੂ ਰਾਮ ਤੇ ਸੁਰਜੀਤ ਧੀਮਾਨ ਵੀ ਸ਼ਾਮਲ ਹਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੰਤਰੀ ਮੰਡਲ ਵਿਸਥਾਰ 'ਚ ਦਲਿਤਾਂ ਅਤੇ ਪਛੜੇ ਵਰਗਾਂ ਨੂੰ ਨਜ਼ਰਅੰਦਾਜ਼ ਕਰਨ ਨੂੰ ਲੈ ਕੇ ਖੁੱਲ੍ਹੇ ਤੌਰ 'ਤੇ ਆਵਾਜ਼ ਚੁੱਕੀ ਸੀ। ਬੇਸ਼ੱਕ ਸੀਨੀਅਰ ਵਿਧਾਇਕ ਰਾਜ ਕੁਮਾਰ ਵੇਰਕਾ ਪਾਰਟੀ ਨਾਲ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਨਾ ਹੋਣ ਦੀ ਗੱਲ ਤਾਂ ਕਹਿੰਦੇ ਹਨ ਪਰ ਨਾਲ ਹੀ ਉਹ ਵਾਲਮੀਕਿ ਭਾਈਚਾਰੇ ਨੂੰ ਨਜ਼ਰਅੰਦਾਜ਼ ਕਰਨ ਦੀ ਗੱਲ ਉਠਾ ਰਹੇ ਹਨ ਅਤੇ ਉਹ ਕਹਿ ਰਹੇ ਹਨ ਕਿ ਇਸ ਨੂੰ ਉਹ ਭਵਿੱਖ 'ਚ ਵੀ ਚੁੱਕਦੇ ਰਹਿਣਗੇ। 
ਇਹ ਵੀ ਪਤਾ ਚੱਲਿਆ ਹੈ ਕਿ ਮੁੱਖ ਮੰਤਰੀ ਵੱਲੋਂ ਕਈ ਵਿਧਾਇਕਾਂ ਨੂੰ ਲੈਜਿਸਲੇਟਿਵ ਅਸਿਸਟੈਂਟ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਚੇਅਰਮੈਨ ਦੇ ਅਹੁਦੇ ਦੇਣ ਦੀ ਪੇਸ਼ਕਸ਼ ਵੀ ਦਿੱਤੀ ਜਾ ਰਹੀ ਹੈ ਪਰ ਫਿਲਹਾਲ ਨਾਰਾਜ਼ ਵਿਧਾਇਕ ਇਸ ਲਈ ਵੀ ਤਿਆਰ ਨਹੀਂ ਹੋ ਰਹੇ। ਮਈ ਮਹੀਨੇ 'ਚ ਹੋ ਰਹੀ ਸ਼ਾਹਕੋਟ ਦੀ ਉਪ ਚੋਣ 'ਤੇ ਵੀ ਇਸ ਦਾ ਪ੍ਰਭਾਵ ਪੈ ਸਕਦਾ ਹੈ ਕਿਉਂਕਿ ਇਹ ਦੋਆਬਾ ਖੇਤਰ 'ਚ ਪੈਂਦਾ ਹੈ, ਜਿੱਥੋਂ ਸਿਰਫ ਇਕ ਹੀ ਮੈਂਬਰ ਨੂੰ ਮੰਤਰੀ ਬਣਾਇਆ ਗਿਆ ਹੈ। ਇਸ ਕਾਰਨ ਵੀ ਹਾਈਕਮਾਨ ਵਿਧਾਇਕਾਂ ਦੀ ਨਾਰਾਜ਼ਗੀ ਖਤਮ ਨਾ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ।