ਭੜਕੇ ਲੋਕਾਂ ਨੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

05/25/2018 4:11:11 AM

ਅੰਮ੍ਰਿਤਸਰ,  (ਅਗਨੀਹੋਤਰੀ)-  ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਵੱਲੋਂ ਨਸ਼ਿਆਂ 'ਤੇ ਕਾਬੂ ਪਾਉਣ ਲਈ ਮੁਹਿੰਮ ਵਿੱਢੀ ਜਾਣ ਦੇ ਦਾਅਵੇ ਭਾਵੇਂ ਕੀਤੇ ਜਾਂਦੇ ਹਨ ਪਰ ਰਿਹਾਇਸ਼ੀ ਇਲਾਕਿਆਂ ਨੇੜੇ ਸ਼ਰਾਬ ਦੇ ਠੇਕੇ ਬਿਨਾਂ ਲੋਕਾਂ ਦੀ ਸਹਿਮਤੀ ਦੇ ਖੋਲ੍ਹਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜੀ. ਟੀ. ਰੋਡ ਇੰਡੀਆ ਗੇਟ ਬਾਈਪਾਸ ਨੇੜੇ ਪਿਛਲੇ ਕਈ ਦਿਨਾਂ ਤੋਂ ਸ਼ਰਾਬ ਦੇ ਮਾਲਕਾਂ ਵੱਲੋਂ ਠੇਕਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦਾ ਵਿਰੋਧ ਪਿਛਲੇ 3 ਦਿਨਾਂ ਤੋਂ ਇਲਾਕੇ ਦੇ ਲੋਕਾਂ ਵੱਲੋਂ ਕੀਤੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤਹਿਤ ਅੱਜ ਗਲੀ ਭੱਲਾ ਨਾਰਾਇਣਗੜ੍ਹ ਵਿਖੇ ਸ਼ਰਾਬ ਦਾ ਠੇਕਾ ਖੁੱਲ੍ਹਣ ਦੇ ਵਿਰੋਧ 'ਚ ਇਲਾਕਾ ਨਿਵਾਸੀ ਮੈਡਮ ਗੀਤਾ ਭੱਲਾ, ਰਜਨੀ, ਰਣਜੀਤ ਕੌਰ, ਸੁਰਜੀਤ ਕੌਰ, ਗੁਰਵਿੰਦਰ ਕੌਰ, ਚਰਨਜੀਤ ਕੌਰ ਆਦਿ ਨੇ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਉਪਰੋਕਤ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਉਕਤ ਦੁਕਾਨ 'ਚ ਸ਼ਰਾਬ ਦਾ ਠੇਕਾ ਖੋਲ੍ਹਣ ਦੀ ਕੋਸ਼ਿਸ਼ ਕੀਤਾ ਜਾ ਰਹੀ ਹੈ, ਜਿਸ ਦਾ ਵਿਰੋਧ ਕਰਨ 'ਤੇ ਹਰ ਵਾਰ ਠੇਕੇ ਦੇ ਕਰਿੰਦਿਆਂ ਵੱਲੋਂ ਠੇਕੇ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਥਾਣਾ ਛੇਹਰਟਾ ਵਿਖੇ 3 ਦਿਨਾਂ ਤੋਂ ਉਕਤ ਠੇਕੇ ਦੇ ਵਿਰੋਧ 'ਚ ਦਰਖਾਸਤ ਦਿੱਤੀ ਗਈ ਸੀ ਪਰ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਕਾਨੂੰਨ ਮੁਤਾਬਿਕ ਰਿਹਾਇਸ਼ੀ ਇਲਾਕੇ ਅਤੇ ਸਕੂਲ ਦੇ 500 ਗਜ਼ ਦੇ ਅੰਦਰ ਆਉਂਦੇ ਘੇਰੇ 'ਚ ਸ਼ਰਾਬ ਦਾ ਠੇਕਾ ਖੋਲ੍ਹਣ ਦੀ ਮਨਾਹੀ ਹੈ। ਉਪਰੋਕਤ ਗਲੀ ਦੇ ਦੋਵੇਂ ਪਾਸੇ ਸਕੂਲ ਹਨ, ਜਿਥੇ ਬੱਚੇ ਪੜ੍ਹਨ ਲਈ ਆਉਂਦੇ ਹਨ, ਜਿਸ 'ਤੇ ਉਨ੍ਹਾਂ ਦੀ ਮਾਨਸਿਕਤਾ 'ਤੇ ਬੁਰਾ ਅਸਰ ਪਵੇਗਾ। ਉਕਤ ਸਥਾਨ 'ਤੇ ਕਿਸੇ ਵੀ ਹਾਲਤ 'ਚ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹਣ ਦਿੱਤਾ ਜਾਵੇਗਾ।
ਉਨ੍ਹਾਂ ਪੁਲਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਲੜਾਈ 'ਚ ਕਿਸੇ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਕੌਰ, ਕੰਵਲਜੀਤ ਕੌਰ, ਰਿਤੂ ਭੱਲਾ, ਕੁਲਦੀਪ ਕੌਰ, ਸੁਮਿੱਤਰਾ ਦੇਵੀ, ਕਾਂਤਾ ਦੇਵੀ, ਪਰਮਲ ਕੌਰ ਆਦਿ ਹਾਜ਼ਰ ਸਨ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਆਜ਼ਾਦ ਰੋਡ 'ਤੇ ਸਥਿਤ ਲਾਲ ਮਿੱਲ ਨੇੜੇ ਵੀ ਲੋਕਾਂ ਵੱਲੋਂ ਸ਼ਰਾਬ ਦਾ ਠੇਕਾ ਖੋਲ੍ਹੇ ਜਾਣ ਦੇ ਵਿਰੋਧ 'ਚ ਨਾਅਰੇਬਾਜ਼ੀ ਕੀਤੀ ਗਈ ਸੀ, ਜਿਸ ਉਪਰੰਤ ਆਜ਼ਾਦ ਰੋਡ ਨਾਲ ਲੱਗਦੇ ਥਾਂ ਤੋਂ ਠੇਕਾ ਬੰਦ ਕਰਵਾ ਦਿੱਤਾ ਗਿਆ ਸੀ।
ਕੀ ਕਹਿੰਦੇ ਹਨ ਥਾਣਾ ਛੇਹਰਟਾ ਮੁਖੀ?
ਇਸ ਸਬੰਧੀ ਜਦ ਥਾਣਾ ਛੇਹਰਟਾ ਦੇ ਐੱਸ. ਐੱਚ. ਓ. ਹਰੀਸ਼ ਬਹਿਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਸ਼ਰਾਬ ਦੇ ਸਬੰਧਤ ਈ. ਟੀ. ਓ. ਵਿਭਾਗ ਵੱਲੋਂ ਅਲਾਟ ਕੀਤੇ ਸ਼ਰਾਬ ਦੇ ਠੇਕੇ ਤੇ ਥਾਂ ਸਬੰਧੀ ਕਾਗਜ਼ਾਤ ਦੇਖੇ ਹਨ, ਜਿਸ 'ਤੇ ਉਨ੍ਹਾਂ ਈ. ਟੀ. ਓ. ਨਾਲ ਗੱਲ ਵੀ ਕੀਤੀ ਸੀ ਤੇ ਉਨ੍ਹਾਂ ਅਨੁਸਾਰ 50 ਗਜ਼ ਦੀ ਦੂਰੀ 'ਤੇ ਠੇਕੇ ਖੋਲ੍ਹਿਆ ਜਾ ਸਕਦਾ ਹੈ, ਜਦ ਕਿ ਇਹ ਸ਼ਰਾਬ ਦਾ ਠੇਕਾ 50 ਗਜ਼ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਇਲਾਕਾ ਨਿਵਾਸੀ ਉਨ੍ਹਾਂ ਕੋਲ ਆਏ ਸਨ ਤੇ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਈ. ਟੀ. ਓ. ਵਿਭਾਗ ਨੂੰ ਲਿਖਤੀ ਸ਼ਿਕਾਇਤ ਕਰਨ ਜਾਂ ਫਿਰ ਕੋਰਟ ਦਾ ਦਰਵਾਜ਼ਾ ਖੜਕਾ ਸਕਦੇ ਹਨ।