ਦੇਸ਼ ਦੀ ਸਭ ਤੋਂ ਅਮੀਰ ਪਾਰਟੀ ''ਪੰਜਾਬ'' ''ਚ ਬੁਰੀ ਤਰ੍ਹਾਂ ''ਕੰਗਾਲ''

05/25/2018 10:46:28 AM

ਚੰਡੀਗੜ੍ਹ : ਦੇਸ਼ ਦੀ ਸਭ ਤੋਂ ਅਮੀਰ ਸਿਆਸੀ ਪਾਰਟੀ ਭਾਜਪਾ ਦੀ ਪੰਜਾਬ ਇਕਾਈ ਬੁਰੀ ਤਰ੍ਹਾਂ ਕੰਗਾਲ ਹੋ ਗਈ ਹੈ, ਜਿਸ ਦੇ ਚੱਲਦਿਆਂ ਨਵੇਂ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਵਰਕਰਾਂ ਤੋਂ ਲੈ ਕੇ ਅਹੁਦ ਅਧਿਕਾਰੀਆਂ ਨੂੰ ਫੰਡ ਦੇਣ ਅਤੇ ਚੰਦਾ ਲੈਣ 'ਚ ਝੋਕ ਦਿੱਤਾ ਹੈ। ਇਕ ਪਾਸੇ ਕੇਂਦਰ 'ਤੇ ਕਾਬਜ਼ ਹੋਣ ਤੋਂ ਬਾਅਦ ਭਾਜਪਾ ਦੀ ਕਮਾਈ ਬੇਤਹਾਸ਼ਾ ਵਧੀ, ਦੂਜੇ ਪਾਸੇ ਸੱਤਾ 'ਚ ਰਹਿਣ ਦੇ ਬਾਵਜੂਦ ਵੀ ਪੰਜਾਬ ਭਾਜਪਾ ਦਾ ਖਜ਼ਾਨਾ ਖਾਲੀ ਹੋ ਗਿਆ। 
ਪਾਰਟੀ ਦਾ ਫਰਮਾਨ ਹੈ ਕਿ ਛੋਟੇ ਤੋਂ ਛੋਟੇ ਅਹੁਦਾ ਅਧਿਕਾਰੀਆਂ ਨੂੰ ਵੀ 1200 ਰੁਪਏ ਦੇਣੇ ਹੀ ਪੈਣਗੇ। ਜ਼ਿਲਾ ਅਹੁਦਾ ਅਧਿਕਾਰੀਆਂ ਨੂੰ 5200 ਦੇਣ ਨੂੰ ਕਿਹਾ ਗਿਆ ਹੈ। ਸਭ ਤੋਂ ਜ਼ਿਆਦਾ ਬੋਝ ਮੌਜੂਦਾ ਅਤੇ ਸਾਬਕਾ ਜ਼ਿਲਾ ਪ੍ਰਧਾਨਾਂ, ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਤੇ ਪ੍ਰਦੇਸ਼ ਅਹੁਦਾ ਅਧਿਕਾਰੀਆਂ 'ਤੇ ਪਾਇਆ ਗਿਆ ਹੈ।
ਇਨ੍ਹਾਂ ਨੂੰ ਅਹੁਦਿਆਂ ਮੁਤਾਬਕ ਕਈ ਹਜ਼ਾਰ ਤੋਂ ਕਈ ਲੱਖ ਰੁਪਏ ਖੁਦ ਦੇਣ ਨੂੰ ਕਿਹਾ ਗਿਆ ਹੈ। ਨਾਲ ਹੀ ਉਂਨੇ ਹੀ ਪੈਸੇ ਲੋਕਾਂ ਤੋਂ ਚੰਦਾ ਲੈਣ ਲਈ ਕਿਹਾ ਗਿਆ ਹੈ। ਸੂਤਰਾਂ ਮੁਤਾਬਕ ਪਾਰਟੀ ਨੇ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਵਰਗੇ ਵੱਡੇ ਜ਼ਿਲਿਆਂ 'ਚ ਇਕ ਕਰੋੜ ਰੁਪਏ ਜੁਟਾਉਣ ਦਾ ਟੀਚਾ ਰੱਖਿਆ ਗਿਆ ਹੈ।