ਖੇਤ ਮਜ਼ਦੂਰਾਂ ਕੀਤਾ ਡੀ. ਸੀ. ਦਫ਼ਤਰ ਦਾ ਘਿਰਾਓ

05/23/2018 5:12:29 AM

ਸ੍ਰੀ ਮੁਕਤਸਰ ਸਾਹਿਬ (ਪਵਨ) - ਦਿਹਾਤੀ ਮਜ਼ਦੂਰ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਜਨਵਾਦੀ ਇਸਤਰੀ ਸਭਾ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਖੇਤ ਮਜ਼ਦੂਰਾਂ ਨੇ ਡਿਪਟੀ ਕਮਿਸ਼ਨਰ ਦੇ ਦਫਤਰ ਦਾ ਘਿਰਾਓ ਕਰ ਕੇ ਰੋਸ ਮੁਜ਼ਾਹਰਾ ਕੀਤਾ। ਇਸ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂ ਜਗਜੀਤ ਸਿੰਘ ਜੱਸੇਆਣਾ, ਜਸਵਿੰਦਰ ਸਿੰਘ ਸੰਗੂਧੌਣ, ਕਾਕਾ ਸਿੰਘ ਖੁੰਡੇ ਹਲਾਲ ਅਤੇ ਪਰਮਜੀਤ ਕੌਰ ਸੰਗਰਾਣਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਵੀਰਪਾਲ ਕੌਰ ਪਤਨੀ ਨਿਰਮਲ ਸਿੰਘ ਪਿੰਡ ਸੋਹਣੇਵਾਲਾ ਦੀ ਰਹਿਣ ਵਾਲੀ ਹੈ। ਇਸ ਅੌਰਤ ਦੇ ਘਰ ’ਚ ਕੁਝ ਲੋਕਾਂ ਨੇ ਧੱਕੇ ਨਾਲ ਕਬਜ਼ਾ ਕਰ ਲਿਆ ਸੀ ਅਤੇ ਉਸ ਦਾ ਸਾਮਾਨ ਸਾਬਕਾ ਸਰਪੰਚ ਜਗਸੀਰ ਸਿੰਘ ਆਪਣੇ ਘਰ ਲੈ ਗਿਆ। ਇਸ ਧੱਕੇਸ਼ਾਹੀ ਖਿਲਾਫ ਮਜ਼ਦੂਰ ਜਥੇਬੰਦੀਆਂ ਵੱਲੋਂ ਪੁਲਸ ਪ੍ਰਸ਼ਾਸਨ ਕੋਲ ਕਈ ਵਾਰ ਗੁਹਾਰ ਲਾਈ ਗਈ ਪਰ ਕੋਈ ਇਨਸਾਫ ਨਾ ਮਿਲਣ ਕਰ ਕੇ ਉਨ੍ਹਾਂ ਵੱਲੋਂ ਹੁਣ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਨਾਜਾਇਜ਼ ਕਾਬਜ਼ਕਾਰਾਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਜਥੇਬੰਦੀਆਂ 28 ਮਈ ਤੋਂ ਲਗਾਤਾਰ ਧਰਨਾ ਦੇਣਗੀਆਂ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਦੌਰਾਨ ਕਿਸਮਤ ਸਿੰਘ, ਆਗੂ ਮਨਜੀਤ ਕੌਰ, ਜਨਰਲ ਸਕੱਤਰ ਗੁਰਮੀਤ ਕੌਰ ਚੱਕ ਬੀਡ਼ ਸਰਕਾਰ, ਸੰਤੋਖ ਸਿੰਘ ਫੌਜੀ ਚੱਕ ਬੀਡ਼ ਸਰਕਾਰ, ਸੁਖਵਿੰਦਰ ਸਿੰਘ ਬਰਕੰਦੀ, ਭੂੰਦਡ਼ ਤੋਂ ਗੁਰਲਾਲ ਸਿੰਘ, ਕਰਮ ਸਿੰਘ, ਜਗਜੀਤ ਸਿੰਘ, ਜਸਵਿੰਦਰ ਸਿੰਘ, ਰਾਜਵਿੰਦਰ ਸਿੰਘ, ਮਿਠਨ ਸਿੰਘ, ਮੁਖਤਿਆਰ ਕੌਰ, ਨਾਇਬ ਸਿੰਘ, ਰਾਜਵਿੰਦਰ ਕੌਰ, ਸਵਰਨਜੀਤ ਕੌਰ, ਕਿਰਨ ਕੌਰ ਆਦਿ ਮੌਜੂਦ ਸਨ।