ਭਾਰਤੀ ਕਿਸਾਨ ਯੂਨੀਅਨ ਨੇ ਕੀਤਾ ਗ੍ਰਾਮੀਣ ਬੈਂਕ ਸ਼ਹਿਜ਼ਾਦੀ ਦਾ ਘਿਰਾਓ

05/26/2018 7:56:31 AM

 ਫਿਰੋਜ਼ਪੁਰ/ਮੁੱਦਕੀ (ਮਲਹੋਤਰਾ, ਕੁਮਾਰ, ਰੰਮੀ ਗਿੱਲ) – ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਕ੍ਰਾਂਤੀਕਾਰੀ ਦੇ ਵਰਕਰਾਂ ਨੇ ਸ਼ੁੱਕਰਵਾਰ ਪਿੰਡ ਸ਼ਹਿਜ਼ਾਦੀ ਸਥਿਤ ਪੰਜਾਬ ਗ੍ਰਾਮੀਣ ਬੈਂਕ ਦੀ ਸ਼ਾਖਾ ਦਾ ਘਿਰਾਓ ਕੀਤਾ। ਯੂਨੀਅਨ ਅਹੁਦੇਦਾਰਾਂ ਹਰਨੇਕ ਸਿੰਘ ਮਹਿਮਾ, ਸੁਖਵਿੰਦਰ ਸਿੰਘ ਬਿੱਟੂ, ਗੁਲਜ਼ਾਰ ਸਿੰਘ, ਰੇਸ਼ਮ ਸਿੰਘ, ਬਲਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਬਲਜੀਤ ਸਿੰਘ, ਮੇਜਰ ਸਿੰਘ, ਮਹਿਲ ਸਿੰਘ, ਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਗ੍ਰਾਮੀਣ ਬੈਂਕ ਸ਼ਹਿਜ਼ਾਦੀ ਦੇ ਮੈਨੇਜਰ ਦੁਆਰਾ ਕਿਸਾਨ ਪਰਿਵਾਰਾਂ ਨਾਲ ਗਲਤ ਵਿਵਹਾਰ ਕੀਤਾ ਜਾ ਰਿਹਾ ਹੈ। ਮਾਣਯੋਗ ਹਾਈ ਕੋਰਟ ਨੇ ਸਾਰੇ ਬੈਂਕਾਂ ਨੂੰ ਅਗਲੇ ਹੁਕਮਾਂ ਤੱਕ ਕਿਸਾਨਾਂ ਤੋਂ ਉਗਰਾਹੀ ਨਾ ਕਰਨ ਦੇ ਹੁਕਮ ਦਿੱਤੇ ਹੋਏ ਹਨ ਪਰ ਬ੍ਰਾਂਚ ਮੈਨੇਜਰ ਦੁਆਰਾ ਰੋਜ਼ਾਨਾ ਕਰਮਚਾਰੀਆਂ ਨੂੰ ਕਿਸਾਨਾਂ ਦੇ ਘਰਾਂ ਵਿਚ ਭੇਜਿਆ ਜਾ ਰਿਹਾ ਹੈ ਤੇ ਕਿਸਾਨ ਪਰਿਵਾਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
 ਉਨ੍ਹਾਂ ਦੋਸ਼ ਲਾਏ ਕਿ ਕਿਸਾਨਾਂ ਦੇ ਘਰਾਂ ਵਿਚ ਜਾ ਕੇ ਬੈਂਕਾਂ ਦੇ ਅਧਿਕਾਰੀ ਤੇ ਕਰਮਚਾਰੀ ਚੈੱਕ ਲਾ ਕੇ ਸਜ਼ਾਵਾਂ ਦਿਵਾਉਣ, ਜ਼ਮੀਨ ਦੀ ਕੁਰਕੀ ਕਰਵਾਉਣ ਦਾ ਕਹਿੰਦੇ ਹਨ, ਜੋ ਅੱਗੇ ਜਾ ਕੇ ਕਿਸੇ ਮੰਦਭਾਗੀ ਘਟਨਾ ਦਾ ਕਾਰਨ ਬਣ ਸਕਦਾਆਂ ਹਨ। ਉਨ੍ਹਾਂ ਬੈਂਕ ਪ੍ਰਬੰਧਕਾਂ  ਨੂੰ ਚਿਤਾਵਨੀ ਦਿੰਦਿਅਾਂ ਕਿਹਾ ਕਿ ਜੇਕਰ ਭਵਿੱਖ ਵਿਚ ਕਿਸਾਨਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਬੇਵਜ੍ਹਾ ਤੰਗ ਕੀਤਾ ਗਿਆ ਤਾਂ ਯੂਨੀਅਨ ਬੈਂਕ ਦੇ ਬਾਹਰ ਪੱਕਾ ਧਰਨਾ  ਲਾ ਦੇਵੇਗੀ ਅਤੇ ਬਿਜਲੀ ਪਾਣੀ ਦੀ ਸਪਲਾਈ ਬੰਦ ਕਰ ਦੇਵੇਗੀ।