ਪ੍ਰੋਫੈਸਰ ਗੁਰਭਜਨ ਗਿੱਲ ਪੰਜਾਬੀ ਸਾਹਿਤ ਅਕਾਦਮੀ ਦੇ ਫੈਲੋ ਨਾਮਜ਼ਦ

05/22/2018 5:47:40 PM

ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਲਈ ਵਡਮੁੱਲਾ ਯੋਗਦਾਨ ਪਾਉਣ ਲਈ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਉੱਘੇ ਲੇਖਕ ਪ੍ਰੋਫੈਸਰ ਗੁਰਭਜਨ ਗਿੱਲ ਜੀ ਨੂੰ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਫੈਲੋਸ਼ਿਪ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ । ਇਹ ਫੈਲੋਸ਼ਿਪ ਸੰਬੰਧੀ ਇਕ ਸਮਾਗਮ ਪੰਜਾਬੀ ਭਵਨ ਵਿਖੇ 14 ਮਾਰਚ ਨੂੰ ਆਯੋਜਿਤ ਕੀਤਾ ਜਾਵੇਗਾ ਜਿਸ ਵਿਚ ਸਾਬਕਾ ਕੇਂਦਰੀ ਮੰਤਰੀ ਡਾ. ਮਨੋਹਰ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ । ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਚ ਬਤੌਰ ਐਡੀਟਰ ਪੰਜਾਬੀ ਸੇਵਾਵਾਂ ਨਿਭਾ ਚੁਕੇ ਪ੍ਰੋਫੈਸਰ ਗਿੱਲ ਜੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵੀ ਫੈਲੋਸ਼ਿਪ ਪ੍ਰਦਾਨ ਕੀਤੀ ਗਈ ਸੀ ਅਤੇ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਸਾਹਿਤਕਾਰ ਐਵਾਰਡ ਨਾਲ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸੀ । ਐਗਰੀਕਲਚਰਲ ਯੂਨੀਵਰਸਿਟੀ ਵਿਚ ਪ੍ਰਦਾਨ ਕੀਤੀਆਂ ਤਿੰਨ ਦਹਾਕੇ ਦੀਆਂ ਸੇਵਾਵਾਂ ਦੌਰਾਨ ਉਨ੍ਹਾਂ ਖੇਤੀ ਰਸਾਲੇ 'ਚੰਗੀ ਖੇਤੀ' ਨੂੰ ਇਕ ਮਿਸਾਲੀ ਮੁਕਾਮ ਦਿੱਤਾ ਅਤੇ ਨਾਲ ਹੀ 100 ਤੋਂ ਵਧ ਖੇਤੀ ਵਿਗਿਆਨ ਅਧਾਰਿਤ ਕਿਤਾਬਚਿਆਂ ਨੂੰ ਵੀ ਤਿਆਰ ਕੀਤਾ । ਇਸ ਤੋਂ ਪਹਿਲਾਂ ਉਨ੍ਹਾਂ ਨੂੰ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰਾਂ ਦੇ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ । ਉਨ੍ਹਾਂ ਵੱਲੋਂ ਹੁਣ ਤੱਕ ਕਵਿਤਾਵਾਂ ਦੀਆਂ 16 ਕਿਤਾਬਾਂ ਆਪਣੇ ਸਰੋਤਿਆਂ ਨੂੰ ਭੇਂਟ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ ਗੁਲਨਾਰ, ਸ਼ੀਸ਼ਾ ਝੂਠ ਬੋਲਦਾ ਹੈ, ਹਰ ਧੁਖਦਾ ਪਿੰਡ ਮੇਰਾ ਹੈ, ਬੋਲ ਮਿੱਟੀ ਦਿਆ ਬਾਵਿਆ, ਅਗਨ ਕਥਾ, ਖੈਰ ਪੰਜਾਂ ਪਾਣੀਆਂ ਦੀ, ਮਨ ਦੇ ਬੂਹੇ ਬਾਰੀਆਂ ਆਦਿ ਪ੍ਰਮੁੱਖ ਹਨ।ਉਨ੍ਹਾਂ ਦੇ ਇਸ ਵਕਾਰੀ ਸਨਮਾਨ ਤੇ ਯੂਨੀਵਰਸਿਟੀ ਦੇ ਵਿਗਿਆਨੀਆਂ ਅਤੇ ਸਾਹਿਤਕ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਗਈ ।

ਅਨਿਲ