ਕੀ ਅਸੀਂ ਆਪਣੀਆਂ ਵਿਰਾਸਤਾਂ ਦੀ ਦੇਖਭਾਲ ਕਰਨ ਦੇ ''ਸਮਰੱਥ'' ਨਹੀਂ ਹਾਂ

05/26/2018 7:12:17 AM

ਮੇਰੇ ਕੁਝ ਮਿੱਤਰ ਇੰਗਲੈਂਡ ਤੋਂ ਆਏ ਸਨ ਅਤੇ ਅਸੀਂ ਲਾਲ ਕਿਲਾ ਦੇਖਣ ਜਾਣ ਦਾ ਫੈਸਲਾ ਕੀਤਾ। ਉਹ ਸਾਡੇ ਦੇਸ਼ ਦੀਆਂ ਬਹੁਤ ਸਾਰੀਆਂ ਇਤਿਹਾਸਿਕ ਥਾਵਾਂ ਨੂੰ ਦੇਖਣ ਦੇ ਚਾਹਵਾਨ ਸਨ ਪਰ ਜਿਵੇਂ ਹੀ ਅਸੀਂ ਲਾਲ ਕਿਲਾ ਪਹੁੰਚੇ, ਉਥੇ ਮੈਂ ਗੰਦਗੀ, ਧੂੜ, ਮਿੱਟੀ, ਬੜਬੋਲੇ ਹਾਕਰਾਂ ਅਤੇ ਵੱਡੀ ਗਿਣਤੀ ਵਿਚ ਦਲਾਲਾਂ ਨੂੰ ਦੇਖ ਕੇ ਭਰੋਸਾ ਹੀ ਨਹੀਂ ਕਰ ਸਕੀ ਅਤੇ ਇਕ ਪਲ ਤਾਂ ਲਈ ਮੈਨੂੰ ਆਪਣੇ ਭਾਰਤੀ ਹੋਣ 'ਤੇ ਸ਼ਰਮ ਮਹਿਸੂਸ ਹੋਈ ਕਿਉਂਕਿ ਸਾਡੇ ਦੇਸ਼ ਦੇ ਇਕ ਸਭ ਤੋਂ ਵੱਧ ਸ਼ਾਨਦਾਰ ਇਤਿਹਾਸਿਕ ਸਥਾਨ 'ਤੇ ਇੰਨੀ ਗੰਦਗੀ ਦਿਖਾਈ ਦੇ ਰਹੀ ਸੀ। ਇਹ ਉਹੀ ਜਗ੍ਹਾ ਹੈ, ਜਿੱਥੇ ਗਣਤੰਤਰ ਦਿਵਸ ਮੌਕੇ ਪ੍ਰਧਾਨ ਮੰਤਰੀ ਖੜ੍ਹੇ ਹੁੰਦੇ ਹਨ ਅਤੇ ਦੇਸ਼ ਦੇ ਕਰੋੜਾਂ ਲੋਕ ਉਨ੍ਹਾਂ ਨੂੰ ਤਿਰੰਗਾ ਝੰਡਾ ਲਹਿਰਾਉਂਦੇ ਦੇਖਦੇ ਹਨ। ਮੈਂ ਬਿਆਨ ਨਹੀਂ ਕਰ ਸਕਦੀ ਕਿ ਉਥੇ ਕਿੰਨੀ ਗੰਦਗੀ ਸੀ। ਇਹ ਦੇਖਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੰਤਰੀ ਅਲਫੋਂਸ ਨੇ ਸੀ. ਐੱਸ. ਆਰ. ਪ੍ਰਾਜੈਕਟ ਦੀ ਸਹਾਇਤਾ ਨਾਲ ਲਾਲ ਕਿਲੇ ਦੇ ਬਾਹਰ ਸਫਾਈ ਕਰਨ ਲਈ ਇਕ ਉਦਯੋਗਪਤੀ ਨੂੰ ਇਸ ਨੂੰ ਸੌਂਪਣ ਦਾ ਸਹੀ ਫੈਸਲਾ ਕੀਤਾ ਹੈ। ਲੋਕ ਲਾਲ ਕਿਲੇ ਦੀਆਂ ਕੰਧਾਂ 'ਤੇ ਪੇਸ਼ਾਬ ਕਰਦੇ ਹਨ ਅਤੇ ਉਥੋਂ ਪੇਸ਼ਾਬ ਦੀ ਬਦਬੂ ਆ ਰਹੀ ਸੀ। ਬਾਹਰ ਸੜਕ ਕੰਢੇ ਛੋਟੇ-ਛੋਟੇ ਬੱਚੇ ਵੀ ਗੰਦਗੀ ਫੈਲਾ ਰਹੇ ਸਨ। ਉਥੇ ਘੁੰਮਦੇ ਦਲਾਲ ਸੈਲਾਨੀਆਂ ਦੀ ਜ਼ਿੰਦਗੀ ਤਰਸਯੋਗ ਬਣਾ ਦਿੰਦੇ ਹਨ ਅਤੇ ਹਾਕਰ ਔਰਤਾਂ ਦੇ ਛੋਟੇ ਹੈਂਡਬੈਗ, ਮੂੰਗਫਲੀ, ਬੋਤਲਬੰਦ ਪਾਣੀ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਵੇਚਣ ਦੀ ਕੋਸ਼ਿਸ਼ ਕਰਦੇ ਹਨ। ਇਹ ਦੇਖਣਾ ਚਿੰਤਾਜਨਕ ਹੈ ਕਿ ਇਸ ਸਭ ਦੇ ਬਾਵਜੂਦ ਵਿਦੇਸ਼ੀ ਇਨ੍ਹਾਂ ਥਾਵਾਂ 'ਤੇ ਆਉਂਦੇ ਹਨ। ਇਕ ਔਰਤ ਬੋਲੀ, ''ਵਾਹ! ਇਹ ਹੈ ਭਾਰਤ ਦੀ ਖਿੱਚ!'' ਪਰ ਨਾਲ ਵਾਲਾ ਆਦਮੀ ਬਹੁਤ ਨਫਰਤ ਜਿਹੀ ਮਹਿਸੂਸ ਕਰ ਰਿਹਾ ਸੀ ਤੇ ਮੈਂ ਵੀ। ਸੁਭਾਵਿਕ ਹੈ ਕਿ ਕੁਝ ਵਿਦੇਸ਼ੀ, ਜੋ ਪਹਿਲੀ ਵਾਰ ਭਾਰਤ ਆਉਂਦੇ ਹਨ, ਉਨ੍ਹਾਂ ਨੂੰ ਇਹੋ ਲੱਗਦਾ ਹੈ ਕਿ ਅਸੀਂ ਅਜੇ ਵੀ ਸਪੇਰਿਆਂ ਵਾਲੇ ਪੁਰਾਣੇ ਯੁੱਗ ਵਿਚ ਰਹਿ ਰਹੇ ਹਾਂ। ਅਸੀਂ ਅਜੇ ਵੀ ਗਰੀਬੀ ਵਿਚ ਜੀ ਰਹੇ ਹਾਂ ਅਤੇ ਇਹੋ ਅਹਿਸਾਸ ਉਨ੍ਹਾਂ ਦੇ ਮਨ ਵਿਚ ਪਹਿਲੀ ਵਾਰ ਆਉਂਦਾ ਹੈ। ਇਹੋ ਸਮਾਂ ਹੈ ਕਿ ਅਸੀਂ ਆਪਣੀਆਂ ਇਤਿਹਾਸਿਕ ਯਾਦਗਾਰਾਂ ਤੇਧਾਰਮਿਕ ਅਸਥਾਨਾਂ ਦੇ ਆਸਪਾਸ ਸਫਾਈ ਰੱਖੀਏ। ਮੈਂ ਦਿੱਲੀ ਵਿਚ ਹੁਮਾਯੂੰ ਦੇ ਮਕਬਰੇ ਦੇ ਬਿਲਕੁਲ ਨੇੜੇ ਰਹਿੰਦੀ ਹਾਂ ਅਤੇ ਤੁਹਾਨੂੰ ਯਕੀਨ ਦਿਵਾ ਸਕਦੀ ਹਾਂ ਕਿ ਜਿਸ ਤਰ੍ਹਾਂ ਦਾ ਕੰਮ 'ਇਨਟੈਕ' ਅਤੇ ਆਗਾ ਖਾਨ ਨੇ ਇਸ ਮਕਬਰੇ ਦੀ ਦੇਖਭਾਲ ਲਈ ਕੀਤਾ ਹੈ, ਉਹ ਹੈਰਾਨੀਜਨਕ ਹੈ। ਇਹ ਅੱਜ ਦੇਸ਼ ਵਿਚ ਸਭ ਤੋਂ ਵੱਧ ਖੂਬਸੂਰਤ ਦਿਖਾਈ ਦੇਣ ਵਾਲੀਆਂ ਥਾਵਾਂ 'ਚੋਂ ਇਕ ਹੈ। ਹੁਮਾਯੂੰ ਦਾ ਮਕਬਰਾ ਚਮਕਦਾਰ ਅਤੇ ਸਾਫ-ਸੁਥਰਾ ਹੈ। ਖੂਬਸੂਰਤੀ ਨਾਲ ਤਰਾਸ਼ੇ ਗਏ ਇਸ ਮਕਬਰੇ ਦੀ ਪੁਰਾਣੀ ਸ਼ਾਨ ਨੂੰ ਬਹਾਲ ਰੱਖਿਆ ਗਿਆ ਹੈ। ਇਹੋ ਕੰਮ ਸਾਡੇ ਦੇਸ਼ ਦੀਆਂ ਹੋਰ ਕਈ ਇਤਿਹਾਸਿਕ ਥਾਵਾਂ ਲਈ ਕੀਤੇ ਜਾਣ ਦੀ ਬਹੁਤ ਲੋੜ ਹੈ। ਇਨ੍ਹਾਂ ਵਿਚ ਤਾਜ ਮਹੱਲ, ਫਤਹਿਪੁਰ ਸੀਕਰੀ ਅਤੇ ਹੋਰ ਅਜਿਹੇ ਕਈ ਕਿਲੇ ਸ਼ਾਮਿਲ ਹਨ। ਜਦੋਂ ਤੁਸੀਂ ਭਾਰਤ ਵਿਚ ਗੁਹਾਟੀ ਦੇ ਕਾਮਾਖਿਆ ਮੰਦਿਰ ਤੋਂ ਲੈ ਕੇ ਜੰਮੂ-ਕਸ਼ਮੀਰ ਦੇ ਵੈਸ਼ਨੋ ਦੇਵੀ ਮੰਦਿਰ ਵਰਗੀਆਂ ਧਾਰਮਿਕ ਥਾਵਾਂ 'ਤੇ ਜਾਂਦੇ ਹੋ ਤਾਂ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਉਥੇ ਢੁੱਕਵੀਂ ਇਲਾਜ ਸਹਾਇਤਾ ਮੁਹੱਈਆ ਨਹੀਂ ਹੈ, ਸਗੋਂ ਵੱਡੀ ਗਿਣਤੀ ਵਿਚ 'ਦਲਾਲ' ਜ਼ਰੂਰ ਮਿਲ ਜਾਣਗੇ, ਜੋ ਤੁਹਾਨੂੰ ਸਾਰਾ ਦਿਨ ਪ੍ਰੇਸ਼ਾਨ ਕਰਦੇ ਰਹਿੰਦੇ ਹਨ। 
ਕੁਝ ਦਿਨ ਪਹਿਲਾਂ ਵੈਸ਼ਨੋ ਦੇਵੀ ਵਿਚ ਮੇਰੀ ਇਕ ਸਹੇਲੀ ਦੀ ਮੌਤ ਹੋ ਗਈ ਕਿਉਂਕਿ ਉਸ ਨੂੰ ਆਕਸੀਜਨ ਦੀ  ਘਾਟ ਹੋ ਗਈ ਸੀ ਤੇ ਉਥੇ ਕੋਈ ਆਕਸੀਜਨ ਸਿਲੰਡਰ ਜਾਂ ਮਾਸਕ ਮੁਹੱਈਆ ਨਹੀਂ ਸੀ। ਸਾਡੇ ਦੇਸ਼ ਦੀ ਇਕ ਸਭ ਤੋਂ ਵੱਧ ਅਮੀਰ ਧਾਰਮਿਕ ਜਗ੍ਹਾ 'ਤੇ ਮੈਡੀਕਲ ਸਹਾਇਤਾ ਦਾ ਨਾ ਹੋਣਾ ਦੁਖਦਾਈ ਹੈ। 
ਮੇਰੀ ਸਹੇਲੀ ਨੂੰ ਉਥੇ ਪ੍ਰਸ਼ਾਸਨ ਤੋਂ ਕੋਈ ਸਹਾਇਤਾ ਨਹੀਂ ਮਿਲੀ। ਉਸ ਦੇ ਨਾਲ ਗਏ ਲਾਚਾਰ ਤੇ ਦੁਖੀ ਲੋਕਾਂ ਦੀ ਦਿੱਲੀ ਵਿਚ ਕੋਈ ਜਾਣ-ਪਛਾਣ ਸੀ ਤੇ ਉਨ੍ਹਾਂ ਨੂੰ ਉਥੋਂ ਮਦਦ ਵੀ ਮਿਲੀ ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਮੇਰੀ ਸਹੇਲੀ ਰੱਬ ਨੂੰ ਪਿਆਰੀ ਹੋ ਚੁੱਕੀ ਸੀ। 
ਇਸ ਦੇਸ਼ ਵਿਚ ਬਿਨਾਂ ਜਾਣ-ਪਛਾਣ ਦੇ ਕੋਈ ਕੰਮ ਨਹੀਂ ਹੁੰਦਾ। ਇਹ ਸ਼ਰਮਨਾਕ ਤੇ ਦੁੱਖਦਾਈ ਹੈ। ਮੈਨੂੰ ਹੈਰਾਨੀ ਹੁੰਦੀ ਹੈ ਕਿ ਕੋਈ ਸਾਡੇ ਦੇਸ਼ ਵਿਚ ਮੈਡੀਕਲ ਖੇਤਰ ਨਾਲ ਜੁੜੇ ਵੱਡੇ-ਵੱਡੇ ਘਰਾਣੇ ਅਜਿਹੀਆਂ ਧਾਰਮਿਕ ਥਾਵਾਂ 'ਤੇ ਮੈਡੀਕਲ ਸਹਾਇਤਾ ਕੇਂਦਰ ਨਹੀਂ ਖੋਲ੍ਹਦੇ। ਇਹ ਤਾਂ ਬਹੁਤ ਪੁੰਨ ਦਾ ਕੰਮ ਹੈ ਤੇ ਨਾਲ ਹੀ ਬੀਮਾਰ ਸ਼ਰਧਾਲੂਆਂ ਲਈ ਬਹੁਤ ਜ਼ਰੂਰੀ ਹੈ। 
ਸਾਡੀਆਂ ਇਤਿਹਾਸਿਕ ਥਾਵਾਂ 'ਤੇ ਫਸਟ ਏਡ ਕਿੱਟਾਂ ਵੀ ਮੁਹੱਈਆ ਹੋਣੀਆਂ ਚਾਹੀਦੀਆਂ ਹਨ। ਵਿਦੇਸ਼ ਵਿਚ ਇਹ ਹਰ ਜਗ੍ਹਾ ਮੁਹੱਈਆ ਹਨ। ਇਹ ਵੀ ਉਦਯੋਗਪਤੀਆਂ ਜਾਂ ਹਸਪਤਾਲਾਂ ਦੇ ਮਾਲਕਾਂ ਦੀਆਂ ਸੀ. ਐੱਸ. ਆਰ. ਯੋਜਨਾਵਾਂ ਦਾ ਇਕ ਹਿੱਸਾ ਹੋ ਸਕਦੀਆਂ ਹਨ। ਇਸ ਦੇ ਲਈ ਕੋਈ ਕਮੇਟੀ ਬਣਾਈ ਜਾਣੀ ਚਾਹੀਦੀ ਹੈ, ਜਿਹੜੀ ਇਨ੍ਹਾਂ ਅਹਿਮ ਮੁੱਦਿਆਂ ਦੇ ਆਸਾਨ ਸੰਚਾਲਨ ਵੱਲ ਧਿਆਨ ਦੇਵੇ। 
ਹੁਣ ਤਾਜ ਮਹੱਲ ਨੂੰ ਹੀ ਦੇਖ ਲਓ, ਇਹ ਸ਼ਰਮਨਾਕ ਗੱਲ ਹੈ ਕਿ ਸੁਪਰੀਮ ਕੋਰਟ ਨੇ ਏ. ਐੱਸ. ਆਈ. ਨੂੰ ਟਿਕਟਾਂ ਦੀ ਵਿਕਰੀ ਤੋਂ ਹੋਣ ਵਾਲੀ ਆਮਦਨ ਨਾਲ ਇਸ ਦੀ ਸਾਫ-ਸਫਾਈ ਕਰਵਾਉਣ ਦਾ ਹੁਕਮ ਦਿੱਤਾ ਹੈ, ਜਦਕਿ ਇਸ ਆਮਦਨ ਦੀ ਵਰਤੋਂ ਇਸ ਯਾਦਗਾਰ ਦੀ ਸ਼ਾਨ ਨੂੰ ਵਧਾਉਣ ਲਈ ਕਰਨੀ ਚਾਹੀਦੀ ਹੈ। ਇਸ ਦੀ ਛੱਤ 'ਤੇ ਕਾਈ ਜੰਮੀ ਹੋਈ ਹੈ। 
ਕਈ ਵਾਰ ਤਾਜ ਚਿੱਟੇ ਦੀ ਬਜਾਏ ਹਲਕੇ ਸਲੇਟੀ ਰੰਗ ਦਾ ਦਿਖਾਈ ਦਿੰਦਾ ਹੈ। ਇਹ ਸ਼ਰਮਨਾਕ ਗੱਲ ਹੈ ਕਿ ਜਦੋਂ ਵਿਦੇਸ਼ੀ ਸੈਲਾਨੀ ਆ ਕੇ ਸਾਨੂੰ ਇਹ ਪੁੱਛ ਕੇ ਸ਼ਰਮਸਾਰ ਕਰ ਦਿੰਦੇ ਹਨ ਕਿ ਕੀ ਅਸੀਂ ਆਪਣੀਆਂ ਵਿਰਾਸਤਾਂ ਦੀ ਦੇਖਭਾਲ ਕਰਨ ਦੇ ਸਮਰੱਥ ਨਹੀਂ ਹਾਂ? 
ਮੈਂ ਸਰਕਾਰ ਨਾਲ ਸਹਿਮਤ ਹਾਂ ਕਿ ਉਸ ਨੇ ਬਗੀਚੇ, ਟਾਇਲਟ ਬਣਾਉਣ, ਦਲਾਲਾਂ ਤੇ ਹਾਕਰਾਂ ਨੂੰ ਅਨੁਸ਼ਾਸਨ ਵਿਚ ਰੱਖਣ ਲਈ ਲਾਲ ਕਿਲੇ ਦੇ ਬਾਹਰੀ ਕੰਪਲੈਕਸ ਨੂੰ ਇਕ ਉਦਯੋਗਿਕ ਘਰਾਣੇ ਨੂੰ ਲੀਜ਼ 'ਤੇ ਦੇ ਦਿੱਤਾ ਹੈ। ਸਾਡੇ ਧਾਰਮਿਕ ਅਸਥਾਨਾਂ ਅਤੇ ਯਾਦਗਾਰਾਂ ਦੀ ਸਾਫ-ਸਫਾਈ ਤੇ ਦੇਖਭਾਲ ਹੁਣ ਪੇਸ਼ੇਵਰਾਂ ਤੇ ਮਾਹਿਰਾਂ ਦੇ ਹੱਥਾਂ ਵਿਚ ਹੋਵੇਗੀ।
ਮੈਂ ਆਪਣੇ ਸਾਰੇ ਦੇਸ਼ ਵਿਚ ਧਾਰਮਿਕ ਥਾਵਾਂ 'ਤੇ ਬਹੁਤ ਆਉਂਦੀ-ਜਾਂਦੀ ਰਹਿੰਦੀ ਹਾਂ। ਮੈਨੂੰ ਉਨ੍ਹਾਂ ਥਾਵਾਂ ਤਕ ਜਾਂਦੀਆਂ ਸੜਕਾਂ ਸਾਫ-ਸੁਥਰੀਆਂ ਅਤੇ ਅਨੁਸ਼ਾਸਨਬੱਧ ਦੇਖ ਕੇ ਬਹੁਤ ਖੁਸ਼ੀ ਹੋਵੇਗੀ ਅਤੇ ਉਹ ਵੀ ਸਾਡੇ ਇਤਿਹਾਸ, ਖੁਸ਼ਹਾਲ ਸੱਭਿਅਤਾ ਤੇ ਮਾਣਮੱਤੀ ਵਿਰਾਸਤ ਨੂੰ ਗੁਆਏ ਬਿਨਾਂ।
(devi@devicherian.com)