ਰੂਸੀ ਜਾਸੂਸ ਦੀ ਮਾਂ ਨੇ ਬੇਟੇ ਨਾਲ ਗੱਲ ਕਰਨ ਦੀ ਮੰਗੀ ਇਜਾਜ਼ਤ

05/22/2018 1:32:28 PM

ਮਾਸਕੋ (ਭਾਸ਼ਾ)— ਰੂਸੀ ਜਾਸੂਸ ਸਰਗੇਈ ਸਕਰੀਪਲ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਸੁਰੱਖਿਆ ਦੇ ਤੌਰ 'ਤੇ ਉਨ੍ਹਾਂ ਨੂੰ ਗੁਪਤ ਸਥਾਨ 'ਤੇ ਰੱਖਿਆ ਗਿਆ ਹੈ। ਹੁਣ ਰੂਸੀ ਟੀ. ਵੀ. 'ਤੇ ਮੰਗਲਵਾਰ ਨੂੰ ਇਕ ਮਹਿਲਾ ਨੇ ਖੁਦ ਨੂੰ ਰੂਸੀ ਡਬਲ ਏਜੰਟ ਸਰਗੇਈ ਸਕਰੀਪਲ ਦੀ ਮਾਂ ਦੱਸਦਿਆਂ ਬ੍ਰਿਟੇਨ ਦੇ ਅਧਿਕਾਰੀਆਂ ਨੂੰ ਬੇਟੇ ਨਾਲ ਗੱਲ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਹੈ। ਬ੍ਰਿਟੇਨ ਦੇ ਸ਼ਹਿਰ ਸੈਲਸਬਰੀ ਵਿਚ 4 ਮਾਰਚ ਨੂੰ ਸਾਬਕਾ ਰੂਸੀ ਡਬਲ ਏਜੰਟ (ਦੋ ਦੇਸ਼ਾਂ ਲਈ ਜਾਸੂਸੀ ਕਰਨ ਵਾਲੇ) ਸਰਗੇਈ ਸਕਰੀਪਲ ਅਤੇ ਉਨ੍ਹਾਂ ਦੀ ਬੇਟੀ ਯੂਲੀਆ ਇਕ ਪਾਰਕ ਦੀ ਬੈਂਚ 'ਤੇ ਬੇਹੋਸ਼ੀ ਦੀ ਹਾਲਤ ਵਿਚ ਪਾਏ ਗਏ ਸਨ। ਰਸਾਇਣਿਕ ਹਥਿਆਰ ਵਿਰੋਧੀ ਸੰਗਠਨ (ਓ. ਪੀ. ਸੀ. ਡਬਲਊ.) ਨੇ ਬੇਤੇ ਮਹੀਨੇ ਪੁਸ਼ਟੀ ਕੀਤੀ ਸੀ ਕਿ ਉਨ੍ਹਾਂ ਦੋਹਾਂ ਨੂੰ ਨਰਵ ਏਜੰਟ ਦਿੱਤਾ ਗਿਆ ਸੀ। 
ਮਹਿਲਾ ਨੇ ਖੁਦ ਨੂੰ ਅਲੇਨਾ ਸਕਰੀਪਲ ਦੱਸਦਿਆਂ ਪ੍ਰਸਾਰਣ ਕਰਤਾ ਪੇਰਯੀ ਕਨਾਲ ਨੂੰ ਕਿਹਾ,''ਮੈਂ ਆਪਣੇ ਬੇਟੇ ਨੂੰ 14 ਸਾਲ ਤੋਂ ਨਹੀਂ ਦੇਖਿਆ ਹੈ। ਮੈਂ ਉਸ ਨੂੰ ਮਿਲਣਾ ਚਾਹੁੰਦੀ ਹਾਂ। ਮੈਂ ਉਸ ਨੂੰ ਗਲੇ ਲਗਾਉਣਾ ਚਾਹੁੰਦੀ ਹਾਂ।'' ਉਨ੍ਹਾਂ ਨੇ ਕਿਹਾ,''ਮੈਂ 90 ਸਾਲ ਦੀ ਹਾਂ। ਮੇਰੇ ਤੋਂ ਕਿਸੇ ਨੂੰ ਕੋਈ ਖਤਰਾ ਨਹੀਂ ਹੈ। ਕ੍ਰਿਪਾ ਕਰਕੇ ਮੈਨੂੰ ਮੇਰੇ ਬੇਟੇ ਨੂੰ ਸਿਰਫ ਇਕ ਫੋਨ ਕਾਲ ਕਰਨ ਦਿਓ।'' ਮਹਿਲਾ ਨੇ ਕਿਹਾ,''ਸਰਕਾਰ ਮੈਨੂੰ ਇਸ ਤਰ੍ਹਾਂ ਕਰਨ ਦੀ ਇਜਾਜ਼ਤ ਕਿਉਂ ਨਹੀਂ ਦਿੰਦੀ? ਇਸ ਪਿੱਛੇ ਕੀ ਕਾਰਨ ਹੈ? ਜਦੋਂ ਉਹ ਘਰ ਸੀ ਤਾਂ ਅਸੀਂ ਹਰ ਹਫਤੇ ਗੱਲ ਕਰਦੇ ਸੀ। ਮੈਂ ਚਾਹੁੰਦੀ ਹਾਂ ਕਿ ਉਸ ਨੂੰ ਮੇਰੇ ਨਾਲ ਗੱਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ।''