ਕੌਂਸਲਰਾਂ ਦੀ ਅਗਵਾਈ ''ਚ ਲੋਕਾਂ ਨੇ ਦਿੱਤਾ ਗਮਾਡਾ ਦਫਤਰ ਅੱਗੇ ਰੋਸ ਧਰਨਾ

05/22/2018 6:17:16 AM

ਮੋਹਾਲੀ, (ਨਿਆਮੀਆਂ)- ਨਗਰ ਨਿਗਮ ਮੋਹਾਲੀ ਦੇ ਕੌਂਸਲਰਾਂ ਬੌਬੀ ਕੰਬੋਜ, ਸਤਵੀਰ ਸਿੰਘ ਧਨੋਆ, ਜਸਬੀਰ ਕੌਰ ਅੱਤਲੀ ਦੀ ਅਗਵਾਈ ਵਿਚ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨਾਂ ਸੈਕਟਰ-68 ਅਤੇ ਸੈਕਟਰ-69 ਵਲੋਂ ਸੀ. ਏ. ਗਮਾਡਾ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕੌਂਸਲਰਾਂ ਬੌਬੀ ਕੰਬੋਜ, ਸਤਵੀਰ ਸਿੰਘ ਧਨੋਆ, ਜਸਬੀਰ ਕੌਰ ਅੱਤਲੀ ਨੇ ਕਿਹਾ ਕਿ ਉਪਰੋਕਤ ਦੋਵੇਂ ਸੈਕਟਰਾਂ ਵਿਚ ਸਾਲ 2009 ਤੋਂ ਹੀ ਪਾਣੀ ਦੀ ਸਪਲਾਈ ਸਹੀ ਤਰੀਕੇ ਨਾਲ ਨਹੀਂ ਹੋ ਰਹੀ। ਹੁਣ ਪਿਛਲੇ ਡੇਢ ਮਹੀਨੇ ਤੋਂ ਇਨ੍ਹਾਂ ਸੈਕਟਰਾਂ ਵਿਚ ਪਾਣੀ ਦੀ ਸਪਲਾਈ ਦਾ ਬਹੁਤ ਹੀ ਬੁਰਾ ਹਾਲ ਹੈ। ਇਨ੍ਹਾਂ ਸੈਕਟਰਾਂ ਵਿਚ ਸਪਲਾਈ ਕੀਤਾ ਜਾ ਰਿਹਾ ਪਾਣੀ ਬਹੁਤ ਘੱਟ ਪ੍ਰੈਸ਼ਰ ਵਾਲਾ ਹੁੰਦਾ ਹੈ, ਜਿਸ ਕਾਰਨ ਉਪਰਲੀਆਂ ਮੰਜ਼ਿਲਾਂ ਉਪਰ ਤਾਂ ਪਾਣੀ ਚੜ੍ਹਦਾ ਹੀ ਨਹੀਂ, ਹੇਠਲੀਆਂ ਮੰਜ਼ਿਲਾਂ 'ਤੇ ਵੀ ਪਾਣੀ ਦੀ ਇਕ ਬਾਲਟੀ ਭਰਨ ਵਿਚ ਬਹੁਤ ਸਮਾਂ ਲਗ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਸੈਕਟਰਾਂ ਵਿਚ ਗਮਾਡਾ ਵਲੋਂ ਪਾਣੀ ਦੇ ਰੇਟ ਤਾਂ ਬਹੁਤ ਜ਼ਿਆਦਾ ਵਧਾ ਦਿੱਤੇ ਗਏ ਹਨ ਪਰ ਪਾਣੀ ਦੀ ਸਪਲਾਈ ਵਿਚ ਸੁਧਾਰ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ। ਗਮਾਡਾ ਦੇ 14 ਟਿਊਬਵੈੱਲਾਂ ਵਿਚੋਂ 4 ਟਿਊਬਵੈੱਲ ਤਾਂ ਖਰਾਬ ਹੀ ਪਏ ਹਨ। ਗਮਾਡਾ ਵਲੋਂ ਇਨ੍ਹਾਂ ਸੈਕਟਰਾਂ ਵਿਚ ਪਾਣੀ ਦੇ ਬਿੱਲਾਂ ਵਿਚ ਭਾਰੀ ਵਾਧਾ ਕੀਤਾ ਗਿਆ ਹੈ, ਜਦੋਂਕਿ ਨਗਰ ਨਿਗਮ ਅਧੀਨ ਆਉਂਦੇ ਸੈਕਟਰਾਂ ਵਿਚ ਪਾਣੀ ਦੇ ਰੇਟ ਕਾਫੀ ਘੱਟ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਮੋਹਾਲੀ ਅਧੀਨ ਆਉਂਦੇ ਸੈਕਟਰਾਂ ਵਿਚ ਪਾਣੀ ਦੇ ਰੇਟ 1.80 ਦੇ ਹਿਸਾਬ ਨਾਲ ਪਾਣੀ ਦੇ ਬਿੱਲ ਭੇਜੇ ਜਾਂਦੇ ਹਨ, ਜਦੋਂਕਿ ਗਮਾਡਾ ਵਲੋਂ ਆਪਣੇ ਅਧੀਨ ਆਉਂਦੇ ਸੈਕਟਰਾਂ ਵਿਚ 10-13 ਰੁਪਏ ਦੇ ਹਿਸਾਬ ਨਾਲ ਭੇਜੇ ਜਾ ਰਹੇ ਹਨ।
ਉਨ੍ਹਾਂ ਮੰਗ ਕੀਤੀ ਕਿ ਖਰਾਬ ਪਏ ਟਿਊਬਵੈੱਲਾਂ ਨੂੰ ਜਲਦੀ ਠੀਕ ਕਰਵਾਇਆ ਜਾਵੇ ਅਤੇ ਤਿੰਨ ਹੋਰ ਨਵੇਂ ਟਿਊਬਵੈੱਲ ਲਾਏ ਜਾਣ, ਸੁਸਾਇਟੀਆਂ ਅਤੇ ਪਲਾਟਾਂ ਨੂੰ ਵੱਖ-ਵੱਖ ਕੁਨੈਕਸ਼ਨਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾਵੇ, ਤਾਂ ਕਿ ਪਾਣੀ ਦੀ ਸਪਲਾਈ ਵਿਚ ਸੁਧਾਰ ਹੋ ਸਕੇ, ਖਰਾਬ ਪਈਆਂ 2 ਮੋਟਰਾਂ ਤੁਰੰਤ ਠੀਕ ਕਰਵਾਈਆਂ ਜਾਣ, ਵਾਟਰ ਵਰਕਸ ਵਿਖੇ ਪਾਣੀ ਦੀ ਸਪਲਾਈ ਲਈ ਦੋ ਸਬਮਰਸੀਬਲ ਮੋਟਰਾਂ ਲਾਈਆਂ ਜਾਣ, ਸੈਕਟਰ-68 ਵਿਚ 7 ਨੰਬਰ ਸੁਸਾਇਟੀਆਂ ਲਈ ਵੱਖਰੇ-ਵੱਖਰੇ ਟਿਊਬਵੈੱਲ ਲਾਏ ਜਾਣ, ਪੰਜਾਬ ਸਰਕਾਰ ਦੀ ਪਾਲਿਸੀ ਅਨੁਸਾਰ ਇਨ੍ਹਾਂ ਇਲਾਕਿਆਂ ਦੇ ਪੰਜ ਮਰਲਾ ਮਕਾਨਾਂ ਦੇ ਪਾਣੀ ਅਤੇ ਸੀਵਰੇਜ ਦੇ ਬਿੱਲ ਮੁਆਫ ਕੀਤੇ ਜਾਣ, ਸਪਲਾਈ ਕੀਤੇ ਜਾ ਰਹੇ ਪਾਣੀ ਦੇ ਪ੍ਰੈਸ਼ਰ ਨੂੰ ਵਧਾਇਆ ਜਾਵੇ, ਸਪਲਾਈ ਵਿਚ ਸੁਧਾਰ ਹੋਣ ਤਕ ਪਾਣੀ ਦੇ ਟੈਂਕਾਂ ਰਾਹੀਂ ਵੀ ਪਾਣੀ ਦੀ ਸਪਲਾਈ ਕੀਤੀ ਜਾਵੇ, ਪਾਣੀ ਦੀ ਸਪਲਾਈ ਲਈ ਕੰਪ੍ਰੈਸ਼ਰ ਲਾਏ ਜਾਣ, ਉਪਰੋਕਤ ਸੈਕਟਰਾਂ ਵਿਚ ਪਾਣੀ ਦੇ ਬਿੱਲ ਘਟਾਏ ਜਾਣ। ਇਸ ਮੌਕੇ ਉਨ੍ਹਾਂ ਮੁੱਖ ਪ੍ਰਸ਼ਾਸਕ ਗਮਾਡਾ ਨੂੰ ਇਕ ਮੰਗ ਪੱਤਰ ਵੀ ਦਿੱਤਾ।
ਇਸ ਉਪਰੰਤ ਗਮਾਡਾ ਦੇ ਸੀ. ਏ. ਵਲੋਂ ਕਂੌਸਲਰਾਂ ਨਾਲ ਮੀਟਿੰਗ ਦੌਰਾਨ ਸੀ. ਏ. ਵਲੋਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਤੁਰੰਤ ਲੋੜੀਂਦੀ ਕਾਰਵਾਈ ਕਰਨ। ਉਨ੍ਹਾਂ ਕੌਂਸਲਰਾਂ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਸੈਕਟਰਾਂ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਸੁਧਾਰ ਲਈ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਜਿਹੜੀ ਵੀ ਮਸ਼ੀਨਰੀ ਖਰਾਬ ਹੈ, ਉਸ ਨੂੰ ਤੁਰੰਤ ਬਦਲਿਆ ਜਾਵੇਗਾ।
ਇਸ ਮੌਕੇ ਰਾਜੇਸ਼ ਕਾਂਗਰਸ ਪ੍ਰਧਾਨ ਸੈਕਟਰ-68, ਤਰਸੇਮ ਗਿੱਲ ਪ੍ਰਧਾਨ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ, ਲਾਭ ਸਿੰਘ ਲੌਂਗੀਆਂ ਜਨਰਲ ਸਕੱਤਰ, ਕਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸੈਕਟਰ-68 ਅਤੇ ਸੈਕਟਰ-68 ਤੇ 69 ਦੇ ਵੱਡੀ ਗਿਣਤੀ 'ਚ ਵਸਨੀਕ ਹਾਜ਼ਰ ਸਨ।