ਪਾਕਿ ਫੌਜ ਨੇ ਆਈ.ਐੱਸ.ਆਈ. ਦੇ ਸਾਬਕਾ ਮੁਖੀ ਦੁਰਾਨੀ ਨੂੰ ਕੀਤਾ ਤਲਬ

05/26/2018 9:09:29 PM

ਇਸਲਾਮਾਬਾਦ— ਪਾਕਿਸਤਾਨੀ ਫੌਜ ਨੇ ਖੁਫੀਆ ਏਜੰਸੀ ਇੰਟਰ ਸਰਵਿਸੇਜ ਇੰਟੇਲਿਜੇਂਸ (ਆਈ.ਐੱਸ.ਆਈ.) ਦੇ ਸਾਬਕਾ ਮੁਖੀ ਲੈਫਟਿਨੈਂਟ ਜਨਰਲ ਅਸਦ ਦੁਰਾਨੀ ਨੂੰ ਭਾਰਤੀ ਖੁਫੀਆ ਏਜੰਸੀ 'ਰਾਅ' ਦੇ ਸਾਬਕਾ ਮੁਖੀ ਨਾਲ ਮਿਲ ਕੇ ਕਿਤਾਬ ਲਿਖਣ ਨੂੰ ਲੈ ਕੇ ਸੱਪਸ਼ਟੀਕਰਨ ਦੇਣ ਲਈ ਤਲਬ ਕੀਤਾ ਹੈ। ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਟਵੀਟ ਕਰ ਕਿਹਾ ਕਿ ਜਨਰਲ (ਰਿਟਾਇਰ) ਅਸਦ ਦੁਰਾਨੀ ਨੂੰ ਦੁਲਤ ਨਾਲ ਮਿਲ ਕੇ ਲਿਖੀ ਗਈ ਕਿਤਾਬ 'ਚ ਦਰਸ਼ਾਏ ਗਏ ਉਨ੍ਹਾਂ ਦੇ ਵਿਚਾਰਾਂ ਬਾਰੇ ਸੱਪਸ਼ਟੀਕਰਨ ਦੇਣ ਲਈ 28 ਮਈ ਨੂੰ ਫੌਜ ਦੇ ਮੁੱਖ ਦਫਤਰ 'ਚ ਸੱਦਿਆ ਗਿਆ ਹੈ।
ਉਨ੍ਹਾਂ ਕਿਹਾ, 'ਕਿਤਾਬ 'ਚ ਦਰਸ਼ਾਏ ਗਏ ਵਿਚਾਰਾਂ ਨੂੰ ਫੌਜੀ ਕਾਨੂੰਨ ਦੀ ਉਲੰਘਣਾ ਮੰਨਿਆ ਗਿਆ ਹੈ, ਜੋ ਸਾਰੇ ਸੇਵਾ ਕਰ ਰਹੇ ਅਤੇ ਰਿਟਾਇਰ ਫੌਜੀ ਕਰਮਚਾਰੀਆਂ 'ਤੇ ਲਾਗੂ ਹੁੰਦੀ ਹੈ।' ਜਨਰਲ ਦੁਰਾਨੀ ਦੇ ਦੁਲਤ ਨਾਲ ਮਿਲ ਕੇ 'ਦਿ ਸਪਾਈ ਕਰਾਨਿਕਲਸ : ਰਾਅ, ਆਈ.ਐੱਸ.ਆਈ. ਐਂਡ ਦਿ ਇਲਿਊਜਨ ਆਫ ਪੀਸ' ਨਾਂ ਦੀ ਕਿਤਾਬ ਲਿਖੀ ਹੈ। ਇਸ ਕਿਤਾਬ ਦੀ ਘੁੰਡ ਚੁਕਾਈ ਬੁੱਧਵਾਰ ਨੂੰ ਹੋਈ ਸੀ। ਇਸ 'ਚ ਜਨਰਲ ਦੁਰਾਨੀ ਨੇ ਕਿਹਾ ਕਿ ਉਨ੍ਹਾਂ ਨੇ ਫੌਜੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਹੈ। ਉਹ ਫੌਜ ਦੇ ਮੁੱਖ ਦਫਤਰ 'ਚ ਜਾ ਕੇ ਕਿਤਾਬ 'ਚ ਲਿਖੇ ਆਪਣੇ ਵਿਚਾਰਾਂ ਬਾਰੇ ਦੱਸਣਗੇ ਜੋ ਉਨ੍ਹਾਂ ਨੇ ਦੁਲਤ ਅਤੇ ਸੰਪਾਦਕ ਆਦਿਤਿਅ ਸਿੰਹਾ ਨਾਲ ਮਿਲ ਕੇ ਲਿਖੀ ਹੈ। ਦੁਰਾਨੀ ਨੇ ਟਵੀਟਰ 'ਤੇ ਲਿਖਿਆ, 'ਮੈਂ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਅਤੇ ਮੈਨੂੰ ਵਿਸ਼ਵਾਸ ਹੈ ਕਿ ਫੌਜ ਮੇਰੀ ਗੱਲ ਤੋਂ ਸਹਿਮਤ ਹੋਵੇਗੀ।' ਉਨ੍ਹਾਂ ਕਿਹਾ, 'ਫੌਜ ਸਾਹਮਣੇ ਆਪਣੀ ਨਵੀਂ ਕਿਤਾਬ ਨੂੰ ਲੈ ਕੇ ਗੱਲਾਂ ਰੱਖਣ ਲਈ ਮੈਂ 28 ਮਈ ਨੂੰ ਫੌਜ ਦੇ ਦਫਤਰ ਜਾਵਾਂਗ।' 
ਕਿਤਾਬ 'ਚ ਦੋਹਾਂ ਖੁਫੀਆ ਮੁਖੀਆਂ ਵਿਚਾਲੇ ਕਸ਼ਮੀਰ ਸਣੇ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਦਾ ਜ਼ਿਕਰ ਹੈ। ਜਨਰਲ ਦੁਰਾਨੀ ਨੇ ਰਾਏ  ਜ਼ਾਹਿਰ ਕੀਤੀ ਹੈ ਕਿ ਪਾਕਿਸਤਾਨ ਨੇ ਇਸਲਾਮਾਬਾਦ ਜੇਲ 'ਚ ਬੰਦ ਭਾਰਤੀ ਨੇਵੀ ਫੌਜ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਦੇ ਮਾਮਲੇ ਨੂੰ ਗਲਤ ਤਰੀਕੇ ਨਾਲ ਨਿਪਟਾਇਆ। ਦੋਹਾਂ ਸਾਬਕਾ ਖੁਫੀਆ ਪ੍ਰਮੁੱਖਾਂ ਨੇ ਦੁਬਈ, ਇਸਤਾਂਬੁਲ ਅਤੇ ਕਾਠਮੰਡੂ 'ਚ ਕਿਤਾਬ ਦਾ ਸਾਰਾ ਭਾਗ ਲਿਖਿਆ ਹੈ। ਦੂਜੇ ਪਾਸੇ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਪਾਕਿਸਤਾਨ ਪੀਪੁਲਸ ਪਾਰਟੀ (ਪੀ.ਪੀ.ਪੀ.) ਦੇ ਸੀਨੇਟਰ ਰਜ਼ਾ ਰੱਬਾਨੀ ਨੇ ਵੀ ਇਸ ਕਿਤਾਬ 'ਤੇ ਇਤਰਾਜ਼ ਜ਼ਾਹਿਰ ਕੀਤਾ ਹੈ। ਸ਼ਰੀਫ ਨੇ ਇਸਲਾਮਾਬਾਦ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੁਰਾਨੀ ਦੀ ਲਿਖੀ ਇਸ ਕਿਤਾਬ 'ਤੇ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਐਮਰਜੰਸੀ ਬੈਠਕ ਸੱਦੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਦੀ ਜਾਂਚ ਲਈ ਇੱਕ ਭਰੋਸੇਯੋਗ ਕਮਿਸ਼ਨ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ।