ਸੁਲਤਾਨਪੁਰ ਲੋਧੀ ਨੇੜੇ ਖੇਤਾਂ ''ਚੋਂ ਮਿਲਿਆ ਪਾਕਿਸਤਾਨ ਤੋਂ ਆਇਆ ਗੁਬਾਰਾ

05/22/2018 12:26:12 AM

ਸੁਲਤਾਨਪੁਰ ਲੋਧੀ(ਧੀਰ)-ਦਰਿਆ ਬਿਆਸ ਨਾਲ ਲੱਗਦੇ ਮੰਡ ਖੇਤਰ ਦੇ ਪਿੰਡ ਬਾਊਪੁਰ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਕਿਸਾਨ ਦੇ ਖੇਤ ਵਿਚੋਂ ਗੁਬਾਰਾ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਬਾਊਪੁਰ ਦੇ ਕਿਸਾਨ ਆਗੂ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਇਕ ਕਿਸਾਨ ਅਜੀਤ ਸਿੰਘ ਸਵੇਰੇ ਜਦੋਂ ਆਪਣੇ ਖੇਤ ਨਜ਼ਦੀਕ ਜਾ ਕੇ ਜਦੋਂ ਉਸਨੇ ਵੇਖਿਆ ਕਿ ਗੁਬਾਰੇ ਦੇ ਨਾਲ ਇਕ ਕਾਗਜ਼ ਦਾ ਟੁਕੜਾ ਵੀ ਬੰਨ੍ਹਿਆ ਹੋਇਆ ਸੀ। ਜਿਸ 'ਤੇ ਉਸਨੇ ਤੁਰੰਤ ਮੈਨੂੰ ਸੂਚਿਤ ਕੀਤਾ। ਮੈਂ ਆਪਣੇ ਨਾਲ ਪਿੰਡ ਦੇ ਹੋਰ ਦੋ ਤਿੰਨ ਕਿਸਾਨਾਂ ਸੁਖਵਿੰਦਰ ਸਿੰਘ, ਜੱਸਾ ਸਿੰਘ, ਹਰਜਿੰਦਰ ਸਿੰਘ ਦੇ ਨਾਲ ਖੇਤਾਂ ਨੂੰ ਗਿਆ ਤਾਂ ਵੇਖਿਆ ਕਿ ਗੁਬਾਰਾ ਪਾਕਿਸਤਾਨ ਸਾਈਡ ਤੋਂ ਆਇਆ ਹੈ। ਉਸ 'ਚ ਬੰਨ੍ਹੇ ਹੋਏ ਕਾਗਜ਼ ਦੇ ਟੁਕੜੇ ਨੂੰ ਖੋਲ੍ਹ ਕੇ ਜਦੋਂ ਵੇਖਿਆ ਤਾਂ ਉਸ 'ਚ ਉਰਦੂ ਦੀ ਭਾਸ਼ਾ ਤੇ ਅੰਗਰੇਜ਼ੀ 'ਚ ਕੁਝ ਲਿਖਿਆ ਹੈ। ਉਸਨੇ ਦੱਸਿਆ ਕਿ ਉਸਨੇ ਤੁਰੰਤ ਇਸ ਦੀ ਸੂਚਨਾ ਐੱਸ. ਐੱਚ. ਓ. ਕਬੀਰਪੁਰ ਜਸਮੇਲ ਕੌਰ ਨੂੰ ਦਿੱਤੀ। ਕਾਗਜ਼ ਦੇ ਟੁਕੜੇ 'ਚ ਉਰਦੂ 'ਚ ਲਿਖੇ ਹੋਏ ਸ਼ਬਦਾਂ ਨੂੰ ਜਦੋਂ ਉਰਦੂ ਮਾਹਿਰਾਂ ਕੋਲੋਂ ਪੜ੍ਹਾਇਆ ਗਿਆ ਤਾਂ ਪਤਾ ਲੱਗਾ ਕਿ 'ਭਾਈ ਆਪ ਜੋ ਭੀ ਹੈ, ਮੇਰੇ ਘਰ ਜ਼ਰੂਰ ਆਣਾ, ਮੈਂ ਫੈਸਲਾਬਾਦ ਦਾ ਪਤਾ ਅੰਗਰੇਜ਼ੀ 'ਚ ਲਿਖਿਆ ਹੈ। ਮੇਰਾ ਨਾਂ ਮੁਹੰਮਦ ਹੈ'। ਇਸ ਸਬੰਧੀ ਐੱਸ. ਐੱਚ. ਓ. ਨੇ ਕਿਹਾ ਅਜਿਹੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ, ਕਿਸੇ ਵਿਅਕਤੀ ਨੇ ਆਪਣਾ ਨਾਂ ਤੇ ਪਤਾ ਲਿਖ ਕੇ ਭੇਜਿਆ ਹੈ ਫਿਰ ਵੀ ਪੁਲਸ ਇਸ ਦੀ ਜਾਂਚ ਕਰੇਗੀ।