22 ਕਿੱਲੋ ਭੁੱਕੀ ਸਮੇਤ 1 ਕਾਬੂ, 1 ਫਰਾਰ

06/05/2018 1:28:19 PM

ਸੰਗਤ ਮੰਡੀ (ਮਨਜੀਤ)-ਥਾਣਾ ਸੰਗਤ ਦੀ ਪੁਲਸ ਵੱਲੋਂ ਦੋ ਵੱਖ-ਵੱਖ ਥਾਵਾਂ ਤੋਂ 22 ਕਿੱਲੋ ਭੁੱਕੀ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ ਜਦਕਿ ਦੂਸਰਾ ਵਿਅਕਤੀ ਕਾਰ ਛੱਡ ਕੇ ਫਰਾਰ ਹੋ ਗਿਆ। ਸਹਾਇਕ ਥਾਣੇਦਾਰ ਬਲਤੇਜ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਜਦ ਪੁਲਸ ਪਾਰਟੀ ਪਿੰਡ ਫੁੱਲੋਂ ਮਿੱਠੀ ਨਜ਼ਦੀਕ ਪਹੁੰਚੀ ਤਾਂ ਪੰਜਾਬ ਨੰਬਰੀ ਸ਼ੱਕੀ ਹਾਲਤ 'ਚ ਇਕ ਮਾਰੂਤੀ ਕਾਰ ਆ ਰਹੀ ਸੀ। ਕਾਰ ਸਵਾਰ ਵਿਅਕਤੀ ਵੱਲੋਂ ਜਦ ਸਾਹਮਣੇ ਪੁਲਸ ਪਾਰਟੀ ਵੇਖੀ ਤਾਂ ਉਹ ਦੂਰੋਂ ਹੀ ਕਾਰ ਛੱਡ ਕੇ ਫਰਾਰ ਹੋ ਗਿਆ। ਪੁਲਸ ਵੱਲੋਂ ਕਾਰ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ 20 ਕਿੱਲੋ ਭੁੱਕੀ ਬਰਾਮਦ ਹੋਈ। ਦੂਸਰੀ ਸਫਲਤਾ ਦੌਰਾਨ ਸਹਾਇਕ ਥਾਣੇਦਾਰ ਗੁਰਜੰਟ ਸਿੰਘ ਵੱਲੋਂ ਇਲਾਕੇ 'ਚ ਗਸ਼ਤ ਦੌਰਾਨ ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪੈਂਦੀਆਂ ਸੰਗਤ ਕੈਂਚੀਆਂ ਨਜ਼ਦੀਕ ਇਕ ਵਿਅਕਤੀ ਨੂੰ ਦੋ ਕਿੱਲੋ ਭੁੱਕੀ ਸਮੇਤ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਡੱਬਵਾਲੀ ਵਾਲੇ ਪਾਸਿਓਂ ਸ਼ੱਕੀ ਹਾਲਤ 'ਚ ਆ ਰਿਹਾ ਸੀ, ਜਦ ਪੁਲਸ ਪਾਰਟੀ ਵੱਲੋਂ ਉਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਦੋ ਕਿੱਲੋ ਭੁੱਕੀ ਬਰਾਮਦ ਹੋਈ। ਫੜੇ ਗਏ ਵਿਅਕਤੀ ਦੀ ਪਛਾਣ ਅਵਤਾਰ ਸਿੰਘ ਪੁੱਤਰ ਭਾਗ ਸਿੰਘ ਵਾਸੀ ਟੱਲੇਵਾਲ ਜ਼ਿਲਾ ਬਰਨਾਲਾ ਦੇ ਤੌਰ 'ਤੇ ਕੀਤੀ ਗਈ। ਪੁਲਸ ਵੱਲੋਂ ਫੜੇ ਗਏ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਦਿਆਂ  ਹਵਾਲਾਤ 'ਚ ਬੰਦ ਕਰ ਦਿੱਤਾ ਤੇ ਫਰਾਰ ਵਿਅਕਤੀ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ।