ਮੁਕਤਸਰ ਸਾਹਿਬ : ਪੁਰਾਣੀ ਗਊਸ਼ਾਲਾ ''ਚ ਪਈ ਤੂੜੀ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ

05/26/2018 7:32:47 AM

ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ)— ਸਥਾਨਕ ਟਿੱਬੀ ਸਾਹਿਬ ਰੋਡ ਸਥਿਤ ਸ਼ਹਿਰ ਦੀ ਸਭ ਤੋਂ ਪੁਰਾਣੀ ਗਊਸ਼ਾਲਾ ਗਊਵੰਸ਼ ਦੇ ਲਈ ਤੂੜੀ ਸਟੋਰ ਕਰਨ ਵਾਲੇ ਕਮਰੇ 'ਚ ਬੀਤੀ ਰਾਤ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ ਕਰੀਬ 7 ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ, ਜਦਕਿ ਇਸ ਦੌਰਾਨ ਅੱਗ ਨਾਲ ਕਰੀਬ ਇੱਕ ਹਜ਼ਾਰ ਦੇ ਕਰੀਬ ਟਰਾਲੀਆਂ ਤੂੜੀ ਦੀਆਂ ਸੜ•ਕੇ ਸੁਆਹ ਹੋ ਗਈਆਂ। ਜਿਸ ਨਾਲ ਕਰੀਬ 14-15 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਸੰਬੰਧ ਜਾਣਕਾਰੀ ਦਿੰਦੇ ਹੋਏ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਮ੍ਰਿੰਤ ਲਾਲ ਖੁਰਾਣਾ ਨੇ ਦੱਸਿਆ ਕਿ ਉਨ੍ਹਾਂ ਨੂੰ ਵੀਰਵਾਰ ਦੀ ਰਾਤ ਨੂੰ ਕਰੀਬ ਸਾਢੇ 8 ਵਜੇ ਫੋਨ ਆਇਆ ਕਿ ਗਊਸ਼ਾਲਾ 'ਚ ਤੂੜੀ ਸਟੋਰ ਕਰਨ ਵਾਲੇ ਕਮਰੇ ਦੇ ਰੋਸ਼ਨਦਾਨ 'ਚੋਂ ਧੂੰਆ ਨਿਕਲ ਰਿਹਾ ਹੈ। ਇਸ ਦੀ ਸੂਚਨਾ ਮਿਲਦੇ ਹੀ ਉਹ ਮੌਕੇ 'ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ। ਉਨ੍ਹਾਂ ਜਦ ਜਾ ਕੇ ਦੇਖਿਆ ਤਾਂ ਤੂੜੀ ਭੰਡਾਰ ਕਮਰੇ 'ਚ ਭਿਆਨਕ ਅੱਗ ਲੱਗੀ ਹੋਈ ਸੀ ਅਤੇ ਦੇਖਦੇ ਹੀ ਦੇਖਦੇ ਇਸ ਅੱਗ ਨੇ ਪੂਰੀ ਤੂੜੀ ਨੂੰ ਆਪਣੀ ਚਪੇਟ 'ਚ ਲੈ ਲਿਆ। ਮੌਕੇ 'ਤੇ ਪਹੁੰਚੀ ਸ੍ਰੀ ਮੁਕਤਸਰ ਸਾਹਿਬ, ਕੋਟਕਪੂਰਾ, ਬਠਿੰਡਾ, ਮਲੋਟ, ਫਾਜ਼ਿਲਕਾ ਦੀਆਂ ਕਰੀਬ 7 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ ਪਰ ਫਿਰ ਵੀ ਅੱਗ ਨੇ ਇੱਕ ਹਜ਼ਾਰ ਦੇ ਕਰੀਬ ਤੂੜੀ ਦੀਆਂ ਟਰਾਲੀਆਂ ਨੂੰ ਆਪਣੀ ਚਪੇਟ 'ਚ ਲੈ ਲਿਆ, ਜਿਸ ਨਾਲ 15 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਜ਼ਿਕਰਯੋਗ ਹੈ ਕਿ ਅੱਗ ਇੰਨੀ ਭਿਆਨਕ ਸੀ ਕਿ ਇਸ 'ਤੇ ਕਾਬੂ ਪਾਉਣ ਦੇ ਲਈ ਜੇ. ਸੀ. ਬੀ ਮਸ਼ੀਨ ਦੀ ਸਹਾਇਤਾ ਨਾਲ ਗਊਸ਼ਾਲਾ ਦੀਆਂ ਤਿੰਨ ਕੰਧਾਂ ਨੂੰ ਤੋੜਨਾ ਪਿਆ। ਪ੍ਰਧਾਨ ਅਮ੍ਰਿੰਤ ਖੁਰਾਣਾ, ਸੇਵਾਦਾਰ ਬਿੱਟਾ ਵਾਟਸ, ਵਿਪਨ ਕੁਮਾਰ ਵਾਟਸ ਬੱਬੂ, ਰਾਜਿੰਦਰ, ਨਵੀਨ ਕੁਮਾਰ, ਰਾਜ ਗਰਗ, ਪਵਨ ਛਾਬੜਾ, ਜੁਗਨੂੰ ਆਦਿ ਨੇ ਦੱਸਿਆ ਕਿ ਉਨ੍ਹਾਂ ਨੇ ਗਊਆਂ ਦੇ ਲਈ ਬੜੀ ਮੁਸ਼ਕਿਲ ਨਾਲ ਪਿੰਡ-ਪਿੰਡ ਜਾ ਕੇ ਤੂੜੀ ਇਕੱਠੀ ਕੀਤੀ ਸੀ, ਜਿਸ ਨਾਲ ਉਨ੍ਹਾਂ ਦਾ ਲੇਬਰ 'ਤੇ ਵੀ ਲੱਖਾਂ ਰੁਪਏ ਖਰਚ ਆਇਆ ਸੀ। ਉਨ੍ਹਾਂ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਨੁਕਸਾਨ ਦਾ ਮੁਆਵਜਾ ਦੇ ਕੇ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ।