ਨੈਸ਼ਨਲ ਸਟਾਕ ਐਕਸਚੇਂਜ ਤੇ ਮਲਟੀ ਕਮੋਡਿਟੀ ਐਕਸਚੇਂਜ ਦਾ ਹੋਵੇਗਾ ਰਲੇਵਾਂ!

05/25/2018 1:49:03 PM

ਮੁੰਬਈ— ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਅਤੇ ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ਨੇ ਆਪਸ 'ਚ ਰਲੇਵੇਂ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਰਿਪੋਰਟਾਂ ਮੁਤਾਬਕ ਦੋਵੇਂ ਐਕਸਚੇਂਜ ਇਸ ਮਹੀਨੇ ਭਾਰਤੀ ਸਕਿਓਰਿਟੀ ਅਤੇ ਵਟਾਂਦਰਾ ਬੋਰਡ (ਸੇਬੀ) ਨਾਲ ਸੰਪਰਕ ਕਰ ਸਕਦੇ ਹਨ। ਇਸ ਰਲੇਵੇਂ ਨਾਲ ਐੱਨ. ਐੈੱਸ. ਈ. ਅਤੇ ਐੱਮ. ਸੀ. ਐਕਸ. ਦੋਵਾਂ ਨੂੰ ਸ਼ੇਅਰ ਅਤੇ ਜਿਣਸ ਡੈਰਿਵੇਟਿਵ ਹਿੱਸੇ 'ਚ ਆਪਣੀ ਪਕੜ ਮਜ਼ਬੂਤ ਕਰਨ 'ਚ ਮਦਦ ਮਿਲੇਗੀ। ਦੋਵੇਂ ਇਕਾਈਆਂ ਨੇ ਰਲੇਵੇਂ ਦਾ ਢਾਂਚਾ ਤਿਆਰ ਕਰ ਲਿਆ ਹੈ ਅਤੇ ਇਸ ਦੀ ਚਰਚਾ ਉਹ ਸੇਬੀ ਨਾਲ ਕਰਨਗੇ। ਖਬਰਾਂ ਮੁਤਾਬਕ ਐਕਸਚੇਂਜਾਂ ਨੂੰ ਸ਼ੇਅਰ ਅਤੇ ਜਿਣਸ ਦੋਵੇਂ ਕਾਰੋਬਾਰ ਕਰਨ ਦੀ ਮਨਜ਼ੂਰੀ ਮਿਲਣ ਦੇ ਤੁਰੰਤ ਬਾਅਦ ਐੱਨ. ਐੱਸ. ਈ. ਨੇ ਜਿਣਸ ਐਕਸਚੇਂਜ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ। ਸੇਬੀ ਨੇ ਦਸੰਬਰ 2017 'ਚ ਇਹ ਮਨਜ਼ੂਰੀ ਦਿੱਤੀ ਸੀ।

ਸੂਤਰਾਂ ਦਾ ਕਹਿਣਾ ਹੈ ਕਿ ਐੱਨ. ਐੱਸ. ਈ. ਦੀ ਸ਼ੇਅਰ ਅਤੇ ਇੰਡੈਕਸ ਡੈਰਿਵੇਟਿਵ 'ਚ ਪਹਿਲਾਂ ਹੀ ਮਜ਼ਬੂਤ ਮੌਜੂਦਗੀ ਹੈ ਅਤੇ ਹੁਣ ਇਹ ਜਿਣਸ ਕਾਰੋਬਾਰ 'ਚ ਵੀ ਆਪਣਾ ਸਿੱਕਾ ਜਮਾਉਣਾ ਚਾਹੁੰਦੀ ਹੈ। ਇਕੁਇਟੀ ਡੈਰਿਵੇਟਿਵ 'ਚ ਐੱਨ. ਐੱਸ. ਈ. ਦਾ ਸਿੱਕਾ ਚੱਲਦਾ ਹੈ, ਜਦੋਂ ਕਿ ਜਿਣਸ ਡੈਰਿਵੇਟਿਵ ਕਾਰੋਬਾਰ 'ਚ ਐੱਮ. ਸੀ. ਐਕਸ. ਦੀ 90 ਫੀਸਦੀ ਤਕ ਹਿੱਸੇਦਾਰੀ ਹੈ। ਖਬਰਾਂ ਮੁਤਾਬਕ ਅਜੇ ਰੇਲਵੇਂ ਦੀ ਗੱਲਬਾਤ ਸ਼ੁਰੂ ਦੇ ਦੌਰ 'ਚ ਹੈ। ਇਸ ਸਮੇਂ ਐੱਮ. ਸੀ. ਐਕਸ. ਦਾ ਬਾਜ਼ਾਰ ਪੂੰਜੀਕਰਨ 37 ਅਰਬ ਰੁਪਏ ਹੈ। ਇਸ ਦੀ ਤੁਲਨਾ 'ਚ ਐੱਨ. ਐੱਸ. ਈ. ਖਾਸ ਵੱਡਾ ਹੈ। ਦਸੰਬਰ 2017 'ਚ ਐੱਨ. ਐੱਸ. ਈ. ਨੇ ਸੇਬੀ ਨੂੰ ਪਹਿਲੀ ਪੇਸ਼ਕਸ਼ ਸੌਂਪੀ ਸੀ, ਤਾਂ ਇਹ 400 ਅਰਬ ਰੁਪਏ ਮੁਲਾਂਕਣ ਦੀ ਉਮੀਦ ਕਰ ਰਿਹਾ ਸੀ।