ਯੂਨੀਵਰਸਿਟੀ ਕੰਪਲੈਕਸ ''ਚ ਜਿੱਨਾਹ ਦੀ ਤਸਵੀਰ ਦਾ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ

05/16/2018 5:08:03 AM

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ. ਐੱਮ. ਯੂ.) ਸਿਰਫ ਇਕ ਸਿੱਖਿਆ ਦਾ ਕੇਂਦਰ ਨਹੀਂ ਹੈ। ਇਹ ਪਾਕਿਸਤਾਨ ਦੀ ਮੰਗ ਦੇ ਅੰਦੋਲਨ 'ਚ ਸਭ ਤੋਂ ਅੱਗੇ ਰਿਹਾ ਹੈ ਅਤੇ ਅਜੇ ਵੀ ਇਸ ਦਾ ਝੁਕਾਅ ਉਸ ਪਾਸੇ ਹੈ, ਜੋ ਮਿੱਲਤ ਲਈ ਫਾਇਦੇਮੰਦ ਸਮਝਿਆ ਜਾਂਦਾ ਹੈ। ਯੂਨੀਵਰਸਿਟੀ ਕੰਪਲੈਕਸ ਦੇ ਸਭ ਤੋਂ ਵੱਕਾਰੀ ਕੈਨੇਡੀ ਹਾਲ 'ਚ ਮੁਹੰਮਦ ਅਲੀ ਜਿੱਨਾਹ ਦੀ ਤਸਵੀਰ ਦਾ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ। 
ਇਹ ਦੇਸ਼ ਦੀ ਵੰਡ ਤੋਂ ਪਹਿਲਾਂ ਵੀ ਉਥੇ ਸੀ ਅਤੇ ਹੁਣ ਇੰਨੇ ਸਾਲਾਂ ਦੌਰਾਨ ਵੀ ਉਥੇ ਹੀ ਰਹੀ ਹੈ। ਮੇਰੇ ਲਈ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਤਸਵੀਰ 1 ਮਈ ਨੂੰ 'ਗਾਇਬ' ਹੋ ਗਈ ਅਤੇ 3 ਮਈ ਨੂੰ ਮੁੜ ਆ ਗਈ।
ਸੱਚ ਹੈ ਕਿ ਇਹ ਇਕ ਭਾਜਪਾ ਮੈਂਬਰ ਦੀ ਕਰਤੂਤ ਸੀ ਪਰ ਇਹ ਅਸਾਧਾਰਨ ਲੱਗਦਾ ਹੈ ਕਿ ਉਹ 2 ਦਿਨਾਂ ਅੰਦਰ ਆਪਣਾ ਕਦਮ ਵਾਪਿਸ ਲੈ ਲੈਂਦਾ ਹੈ ਅਤੇ ਤਸਵੀਰ ਨੂੰ ਮੁੜ ਉਥੇ ਹੀ ਟੰਗ ਦਿੰਦਾ ਹੈ, ਜਿਥੇ ਉਹ ਵੰਡ ਤੋਂ ਪਹਿਲਾਂ ਟੰਗੀ ਹੋਈ ਸੀ। ਸ਼ਾਇਦ ਉਸ ਨੂੰ ਭਾਜਪਾ ਹਾਈਕਮਾਨ ਵਲੋਂ ਝਾੜਾਂ ਪਈਆਂ ਹੋਣਗੀਆਂ, ਜੋ ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਮੁਸਲਿਮ ਵੋਟਰਾਂ ਨੂੰ ਰਿਝਾਉਣ ਦੀ ਕੋਸ਼ਿਸ਼ ਕਰ ਰਹੀ ਸੀ। 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿਚ ਵੱਖ-ਵੱਖ ਰੈਲੀਆਂ ਨੂੰ ਸੰਬੋਧਨ ਕਰਦੇ ਸਮੇਂ ਚੋਣਾਂ ਨੂੰ ਧਿਆਨ 'ਚ ਰੱਖਦੇ ਹਨ। ਕਦੇ-ਕਦਾਈਂ ਉਹ ਅਜਿਹੀ ਟਿੱਪਣੀ ਵੀ ਕਰ ਦਿੰਦੇ ਹਨ, ਜਿਵੇਂ ਸ਼ਮਸ਼ਾਨਘਾਟ 'ਚ ਕਬਰਿਸਤਾਨ ਵਾਂਗ ਬਿਜਲੀ ਕਿਉਂ ਨਹੀਂ ਦਿੱਤੀ ਗਈ, ਤਾਂ ਕਿ ਹਿੰਦੂ ਵੋਟਰਾਂ ਨੂੰ ਆਸਵੰਦ ਕੀਤਾ ਜਾਵੇ ਕਿ ਭਾਜਪਾ ਹਿੰਦੂ ਰਾਸ਼ਟਰ ਦੇ ਆਪਣੇ ਦਰਸ਼ਨ ਨਾਲੋਂ ਅੱਡ ਨਹੀਂ ਹੋਈ ਹੈ। 
ਬੇਸ਼ੱਕ ਹਿੰਦੂਆਂ, ਜੋ ਭਾਰਤ 'ਚ 80 ਫੀਸਦੀ ਹਨ, ਦਾ ਬਹੁਮਤ ਉਸ ਪਾਸੇ ਝੁਕਿਆ ਹੈ, ਜਿਸ ਨੂੰ ਹਿੰਦੂਵਾਦ ਕਿਹਾ ਜਾਂਦਾ ਹੈ ਪਰ ਮੈਂ ਨਹੀਂ ਸੋਚਦਾ ਕਿ ਇਹ ਲੰਮੇ ਸਮੇਂ ਤਕ ਟਿਕਣ ਵਾਲੀ ਚੀਜ਼ ਹੈ। ਹਿੰਦੂ ਅਤੇ ਮੁਸਲਮਾਨ ਸਦੀਆਂ ਤੋਂ ਇਕੱਠੇ ਰਹਿੰਦੇ ਆਏ ਹਨ। ਉਹ ਅਜੇ ਵਗ ਰਹੀ ਹਿੰਦੂਵਾਦ ਦੀ ਗਰਮ ਹਵਾ ਦੇ ਬਾਵਜੂਦ ਇਸੇ ਤਰ੍ਹਾਂ ਰਹਿਣਗੇ।
ਆਪਣੇ ਸੁਭਾਅ ਤੋਂ ਹੀ ਭਾਰਤ ਇਕ ਵੰਨ-ਸੁਵੰਨਤਾ ਵਾਲਾ ਸਮਾਜ ਹੈ ਅਤੇ ਇਹ ਅਜਿਹਾ ਹੀ ਬਣਿਆ ਰਹੇਗਾ, ਬੇਸ਼ੱਕ ਕਦੇ-ਕਦੇ ਇਹ ਹਿੰਦੂਵਾਦ ਦੇ ਰਾਹ 'ਤੇ ਜਾਂਦਾ ਨਜ਼ਰ ਆਵੇ। ਖੇਡ ਵਿਗਾੜਨ ਵਾਲਾ ਸਮੂਹ ਹਰ ਸਮੇਂ ਸਰਗਰਮ ਰਹਿੰਦਾ ਹੈ, ਜੋ ਹਰੇਕ ਮਾਇਨੇ ਰੱਖਣ ਵਾਲੀ ਗੱਲ ਦੇ ਵਿਰੁੱਧ ਸਿਰਫ ਇਸ ਲਈ ਬੋਲਦਾ ਹੈ ਕਿ ਉਸ ਨੇ ਵਿਰੋਧ ਲਈ ਵਿਰੋਧ ਕਰਨਾ ਹੁੰਦਾ ਹੈ। 
ਭਾਰਤ-ਪਾਕਿ ਸਬੰਧਾਂ ਦੀ ਮਿਸਾਲ ਹੀ ਲੈ ਲਓ। ਅਜਿਹੇ ਅਨਸਰ ਵੀ ਹਨ, ਜੋ ਮੇਲ-ਮਿਲਾਪ ਦੇ ਹਰ ਯਤਨ ਨੂੰ ਨਕਾਰਨ ਅਤੇ ਦੋਹਾਂ ਦੇਸ਼ਾਂ ਵਿਚਾਲੇ ਚੰਗੇ ਸਬੰਧਾਂ ਵਿਚ ਮਦਦ ਕਰਨ ਵਾਲੇ ਕਦਮਾਂ ਨੂੰ ਰੋਕਣ 'ਤੇ ਉਤਾਰੂ ਰਹਿੰਦੇ ਹਨ। 
ਕੁਝ ਸਾਲ ਪਹਿਲਾਂ ਖ਼ੁਦ ਪਾਕਿਸਤਾਨੀਆਂ ਨੇ ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਂ ਬਦਲਣ ਦੀ ਪਹਿਲ ਕੀਤੀ ਤੇ ਉਨ੍ਹਾਂ ਦੇ ਇਸ ਰਵੱਈਏ ਦੀ ਭਾਰਤ ਵਿਚ ਕਾਫੀ ਸ਼ਲਾਘਾ ਹੋਈ। ਅਸਲ 'ਚ ਚੌਕ ਦਾ ਨਾਂ ਬਦਲਣ ਨਾਲ ਇਸ ਵਿਚਾਰ ਦਾ ਜਨਮ ਹੋਇਆ ਕਿ ਵੰਡ ਤੋਂ ਪਹਿਲਾਂ ਵਾਲੇ ਨਾਇਕਾਂ ਦਾ ਸਨਮਾਨ ਕੀਤਾ ਜਾਵੇ।
ਮੈਨੂੰ ਯਾਦ ਹੈ ਕਿ ਕੁਝ ਸਾਲ ਪਹਿਲਾਂ ਮਾਰਚ ਵਿਚ ਸ. ਭਗਤ ਸਿੰਘ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਪਾਕਿਸਤਾਨ ਦਾ ਇਕ ਵਫਦ ਅਪ੍ਰੈਲ ਵਿਚ ਅੰਮ੍ਰਿਤਸਰ ਵਿਖੇ ਜਲਿਆਂਵਾਲਾ ਬਾਗ ਦੀ ਦੁਖਦਾਈ ਘਟਨਾ, ਜਿਸ 'ਚ ਹਿੰਦੂ ਤੇ ਮੁਸਲਮਾਨ ਦੋਵੇਂ ਸ਼ਹੀਦ ਹੋਏ ਸਨ, ਨੂੰ ਯਾਦ ਕਰਨ ਸਬੰਧੀ ਇਕ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਆਇਆ ਸੀ। 
ਉਦੋਂ ਇੰਨਾ ਜੋਸ਼ ਪੈਦਾ ਹੋਇਆ ਕਿ ਉਨ੍ਹਾਂ ਜਵਾਨਾਂ ਨੂੰ ਸਲਾਮ ਕਰਨ ਲਈ ਇਕ ਪ੍ਰੋਗਰਾਮ ਬਣਨ ਲੱਗਾ, ਜਿਹੜੇ ਆਜ਼ਾਦ ਹਿੰਦ ਫੌਜ ਅਤੇ 1946 ਦੀ ਜਲ ਸੈਨਿਕਾਂ ਦੀ ਬਗ਼ਾਵਤ ਦਾ ਹਿੱਸਾ ਸਨ। ਉਦੋਂ ਹਿੰਦੂ-ਮੁਸਲਮਾਨ ਆਪਸ ਵਿਚ ਵੰਡੇ ਹੋਏ ਸਨ ਅਤੇ ਅੰਗਰੇਜ਼ਾਂ ਨੂੰ ਦਿੱਤੀਆਂ ਗਈਆਂ ਇਨ੍ਹਾਂ ਚੁਣੌਤੀਆਂ ਤੋਂ ਇਹੋ ਪਤਾ ਲੱਗਦਾ ਹੈ ਕਿ ਜਦੋਂ ਤੀਜੀ ਧਿਰ ਦੀ ਗੱਲ ਆਉਂਦੀ ਹੈ, ਤਾਂ ਉਸ ਨੂੰ ਰੋਕਣ ਲਈ ਦੋਵੇਂ ਇਕ ਹੋਣ ਨੂੰ ਤਿਆਰ ਰਹਿੰਦੇ ਹਨ।ਪਾਕਿਸਤਾਨ ਦੇ ਬਾਨੀ ਜਿੱਨਾਹ ਨੇ ਇਹੋ ਕਿਹਾ ਸੀ, ਜਦੋਂ ਉਹ ਲਾਹੌਰ ਦੇ ਸਰਕਾਰੀ ਲਾਅ ਕਾਲਜ 'ਚ ਆਏ ਸਨ। ਉਦੋਂ ਮੈਂ ਉਥੇ ਪੜ੍ਹਦਾ ਹੁੰਦਾ ਸੀ। ਮੇਰੇ ਇਸ ਸਵਾਲ ਦੇ ਜਵਾਬ ਵਿਚ ਕਿ ''ਜੇ ਕੋਈ ਤੀਜੀ ਤਾਕਤ ਭਾਰਤ 'ਤੇ ਹਮਲਾ ਕਰੇ ਤਾਂ ਇਸ 'ਤੇ ਪਾਕਿਸਤਾਨ ਦਾ ਕੀ ਰਵੱਈਆ ਹੋਵੇਗਾ?'' 
ਉਨ੍ਹਾਂ ਕਿਹਾ ਸੀ ਕਿ ਦੁਸ਼ਮਣ ਨੂੰ ਹਰਾਉਣ ਲਈ ਪਾਕਿਸਤਾਨ ਦੇ ਫੌਜੀ ਭਾਰਤੀ ਜਵਾਨਾਂ ਵਲੋਂ ਲੜਨਗੇ। ਇਹ ਵੱਖਰੀ ਗੱਲ ਹੈ ਕਿ ਫੌਜੀ ਤਾਨਾਸ਼ਾਹ ਜਨਰਲ ਮੁਹੰਮਦ ਆਯੂਬ ਖਾਨ ਨੇ 1962 ਵਿਚ ਭਾਰਤ ਨੂੰ ਕੋਈ ਸਹਾਇਤਾ ਨਹੀਂ ਦਿੱਤੀ, ਜਦੋਂ ਚੀਨ ਨੇ ਇਸ 'ਤੇ ਹਮਲਾ ਕੀਤਾ ਸੀ। 
ਸ. ਭਗਤ ਸਿੰਘ ਸਿਰਫ 23 ਸਾਲਾਂ ਦੇ ਸਨ, ਜਦੋਂ ਉਹ ਅੰਗਰੇਜ਼ਾਂ ਨਾਲ ਜੂਝਦੇ ਹੋਏ ਫਾਂਸੀ ਦੇ ਤਖਤੇ ਤਕ ਗਏ ਸਨ। ਆਪਣੀ ਕੁਰਬਾਨੀ ਦੇਣ ਅਤੇ ਭਾਰਤ ਨੂੰ ਆਜ਼ਾਦ ਕਰਵਾਉਣ ਦੀ ਸਿਆਸਤ ਤੋਂ ਇਲਾਵਾ ਉਨ੍ਹਾਂ ਦੀ ਕੋਈ ਸਿਆਸਤ ਨਹੀਂ ਸੀ। ਮੈਨੂੰ ਇਸ ਗੱਲ 'ਤੇ ਬਹੁਤ ਹੈਰਾਨੀ ਹੋਈ ਕਿ ਸ਼ਾਦਮਾਨ ਚੌਕ ਦਾ ਨਾਂ ਬਦਲਣ ਵਿਰੁੱਧ 14 ਅਰਜ਼ੀਆਂ ਦਿੱਤੀਆਂ ਗਈਆਂ ਸਨ। ਇਹ ਉਹੀ ਗੋਲ ਚੱਕਰ ਸੀ, ਜਿਥੇ ਸ. ਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਸਾਥੀਆਂ ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੇਣ ਲਈ ਤਖਤੇ ਖੜ੍ਹੇ ਕੀਤੇ ਗਏ ਸਨ। 
ਜਿੱਨਾਹ ਦਾ ਨਾਂ ਵੰਡ ਨਾਲ ਜੋੜਿਆ ਜਾਂਦਾ ਹੈ। ਕੀ ਵੰਡ ਲਈ ਉਹ ਇਕੱਲੇ ਜ਼ਿੰਮੇਵਾਰ ਸਨ? ਮੈਂ ਜਦੋਂ 1990 ਦੇ ਦਹਾਕੇ ਦੀ ਸ਼ੁਰੂਆਤ ਵਿਚ ਆਖਰੀ ਵਾਇਸਰਾਏ ਲਾਰਡ ਮਾਊਂਟਬੈਟਨ ਨਾਲ ਲੰਡਨ 'ਚ ਉਨ੍ਹਾਂ ਦੀ ਰਿਹਾਇਸ਼ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੱਤਕਾਲੀ ਪ੍ਰਧਾਨ ਮੰਤਰੀ ਕਲੀਮੈਂਟ ਰਿਚਰਡ ਏਟਲੀ ਚਾਹੁੰਦੇ ਸਨ ਕਿ ਭਾਰਤ-ਪਾਕਿ ਵਿਚਾਲੇ ਕੁਝ ਸਾਂਝਾ ਰਹੇ। 
ਮਾਊਂਟਬੈਟਨ ਨੇ ਇਸ ਦੀ ਕੋਸ਼ਿਸ਼ ਵੀ ਕੀਤੀ ਪਰ ਜਿੱਨਾਹ ਨੇ ਕਿਹਾ ਕਿ ਉਹ ਭਾਰਤੀ ਨੇਤਾਵਾਂ 'ਤੇ ਭਰੋਸਾ ਨਹੀਂ ਕਰਦੇ। ਉਨ੍ਹਾਂ ਨੇ ਕੈਬਨਿਟ ਮਿਸ਼ਨ ਪਲਾਨ ਸਵੀਕਾਰ ਕਰ ਲਿਆ ਸੀ, ਜਿਸ 'ਚ ਇਕ ਕਮਜ਼ੋਰ ਕੇਂਦਰ ਦੀ ਕਲਪਨਾ ਕੀਤੀ ਗਈ ਸੀ। 
ਪਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਇਸ ਨੂੰ ਨਾਮਨਜ਼ੂਰ ਕਰ ਦਿੱਤਾ ਤੇ ਕਿਹਾ ਕਿ ਸਭ ਕੁਝ ਸੰਵਿਧਾਨ ਸਭਾ ਦੇ ਫੈਸਲੇ 'ਤੇ ਨਿਰਭਰ ਕਰਦਾ ਹੈ, ਜਿਸ ਦੀ ਮੀਟਿੰਗ ਪਹਿਲਾਂ ਹੀ ਨਵੀਂ ਦਿੱਲੀ 'ਚ ਚੱਲ ਰਹੀ ਹੈ। 
ਸਮਾਂ ਬੀਤਣ ਦੇ ਨਾਲ-ਨਾਲ ਦੋਹਾਂ ਧਿਰਾਂ ਵਿਚਾਲੇ ਮੱਤਭੇਦ ਵਧ ਗਏ। ਮੁਸਲਿਮ ਲੀਗ ਨੇ 1940 'ਚ ਜਦੋਂ ਪਾਕਿਸਤਾਨ ਦੀ ਸਥਾਪਨਾ ਦਾ ਮਤਾ ਪਾਸ ਕੀਤਾ ਤਾਂ ਇਹ ਦਿਖਾਈ ਦੇਣ ਲੱਗਾ ਸੀ ਕਿ ਵੰਡ ਨੂੰ ਟਾਲਿਆ ਨਹੀਂ ਜਾ ਸਕਦਾ। ਦੋਵੇਂ ਧਿਰਾਂ ਅਸਲੀਅਤ ਦਾ ਸਾਹਮਣਾ ਨਹੀਂ ਕਰ ਰਹੀਆਂ ਸਨ, ਜਦੋਂ ਉਨ੍ਹਾਂ ਨੇ ਆਬਾਦੀ ਦੀ ਹਵਾਲਗੀ ਦੇ ਵਿਚਾਰ ਨੂੰ ਖਾਰਿਜ ਕਰ ਦਿੱਤਾ। ਲੋਕਾਂ ਨੇ ਇਹ ਕੰਮ ਖ਼ੁਦ ਕਰ ਲਿਆ—ਹਿੰਦੂਆਂ ਅਤੇ ਸਿੱਖਾਂ ਨੇ ਇਸ ਪਾਸੇ ਆ ਕੇ ਅਤੇ ਮੁਸਲਮਾਨਾਂ ਨੇ ਦੂਜੇ ਪਾਸੇ ਜਾ ਕੇ, ਬਾਕੀ ਇਤਿਹਾਸ ਹੈ। 
ਜਿੱਨਾਹ ਪਾਕਿਸਤਾਨ ਵਿਚ ਓਨੇ ਹੀ ਸਤਿਕਾਰਯੋਗ ਹਨ, ਜਿੰਨੇ ਭਾਰਤ ਵਿਚ ਮਹਾਤਮਾ ਗਾਂਧੀ। ਇਹ ਸਮਾਂ ਹਿੰਦੂਆਂ ਨੂੰ ਇਹ ਸਮਝਾਉਣ ਦਾ ਹੈ ਕਿ ਦੇਸ਼ ਦੀ ਵੰਡ ਮੁਸਲਮਾਨਾਂ ਦੀ ਮੁਕਤੀ ਲਈ ਸੀ। ਇਹ ਗੱਲ 1947 ਦੀ ਹੈ। 
ਅੱਜ ਮੁਸਲਮਾਨਾਂ ਦੀ ਆਬਾਦੀ ਇਥੇ ਲੱਗਭਗ 17 ਕਰੋੜ ਹੈ ਅਤੇ ਉਹ ਭਾਰਤ ਦੇ ਮਾਮਲਿਆਂ ਵਿਚ ਕੋਈ ਮਾਇਨੇ ਨਹੀਂ ਰੱਖਦੇ। ਸੱਚ ਹੈ ਕਿ ਉਨ੍ਹਾਂ ਨੂੰ ਵੋਟ ਦਾ ਅਧਿਕਾਰ ਹਾਸਿਲ ਹੈ। ਸਾਡਾ ਦੇਸ਼ ਸੰਵਿਧਾਨ ਨਾਲ ਚੱਲਦਾ ਹੈ, ਜੋ ਇਕ ਵਿਅਕਤੀ ਨੂੰ ਇਕ ਵੋਟ ਦਾ ਅਧਿਕਾਰ ਦਿੰਦਾ ਹੈ। 
ਵੰਡ ਤੋਂ ਪਹਿਲਾਂ ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਜੋ ਕਿਹਾ ਸੀ, ਉਹ ਸੱਚ ਹੋ ਗਿਆ। ਉਨ੍ਹਾਂ ਨੇ ਚਿਤਾਵਨੀ ਦਿੱਤੀ ਸੀ ਕਿ ਗਿਣਤੀ ਵਿਚ ਘੱਟ ਹੋਣ ਕਾਰਨ ਸ਼ਾਇਦ ਮੁਸਲਮਾਨ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰਨ ਪਰ ਉਹ ਮਾਣ ਨਾਲ ਕਹਿ ਸਕਣਗੇ ਕਿ ਭਾਰਤ ਓਨਾ ਹੀ ਉਨ੍ਹਾਂ ਦਾ ਹੈ, ਜਿੰਨਾ ਹਿੰਦੂਆਂ ਦਾ। ਇਕ ਵਾਰ ਪਾਕਿਸਤਾਨ ਬਣ ਗਿਆ ਤਾਂ ਮੁਸਲਮਾਨਾਂ ਨੂੰ ਹਿੰਦੂ ਕਹਿਣਗੇ ਕਿ ਉਨ੍ਹਾਂ ਨੇ ਆਪਣਾ ਹਿੱਸਾ ਲੈ ਲਿਆ ਹੈ ਤੇ ਉਨ੍ਹਾਂ ਨੂੰ ਹੁਣ ਪਾਕਿਸਤਾਨ ਜਾਣਾ ਚਾਹੀਦਾ ਹੈ। 
ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਤੇ ਸਰਦਾਰ ਪਟੇਲ ਨੇ ਵੰਡ ਤੋਂ ਬਾਅਦ ਦੇਸ਼ ਨੂੰ ਵੰਨ-ਸੁਵੰਨਤਾ ਵਾਲਾ ਬਣਾਈ ਰੱਖਿਆ ਪਰ ਅੱਜ ਮਜ਼੍ਹਬ ਦੇ ਆਧਾਰ 'ਤੇ ਖਿੱਚੀ ਗਈ ਲਾਈਨ ਦੀ ਯਾਦ ਲੋਕਾਂ ਦਾ ਪਿੱਛਾ ਕਰ ਰਹੀ ਹੈ। ਭਾਜਪਾ ਦੀ ਮਹੱਤਤਾ ਵਧ ਰਹੀ ਹੈ ਕਿਉਂਕਿ ਵੰਨ-ਸੁਵੰਨਤਾਵਾਦ ਕਮਜ਼ੋਰ ਹੋ ਗਿਆ ਹੈ। ਸੈਕੁਲਰਿਜ਼ਮ ਨੂੰ ਮਜ਼ਬੂਤ ਕਰਨ ਦੀ ਲੋੜ ਹੈ, ਤਾਂ ਕਿ ਦੇਸ਼ 'ਚ ਹਰੇਕ ਭਾਈਚਾਰਾ ਮਹਿਸੂਸ ਕਰੇ ਕਿ ਦੇਸ਼ ਦੇ ਮਾਮਲਿਆਂ 'ਚ ਉਹ ਬਰਾਬਰ ਹੈ।