ਨਵਜੋਤ ਸਿੱਧੂ ਦੇ ਬੇਟੇ ਨੂੰ ਸਹਾਇਕ ਐਡਵੋਕੇਟ ਜਨਰਲ ਲਾਉਣ ਦਾ ਵਿਰੋਧ

05/26/2018 6:32:24 AM

ਮੋਹਾਲੀ(ਨਿਆਮੀਆਂ)-ਯੂਥ ਅਕਾਲੀ ਦਲ ਜ਼ਿਲਾ ਦਿਹਾਤੀ ਮੋਹਾਲੀ ਦੇ ਪ੍ਰਧਾਨ ਸਤਿੰਦਰ ਸਿੰਘ ਗਿੱਲ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬੇਟੇ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਏ. ਏ. ਜੀ. ਲਾਉਣ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਕੈਪਟਨ ਸਰਕਾਰ ਨੇ ਵੋਟਾਂ ਸਮੇਂ ਹਰ ਘਰ ਨੌਕਰੀ ਦੇਣ ਤੇ ਪਰਿਵਾਰਵਾਦ ਨੂੰ ਦੂਰ ਰੱਖਣ ਦਾ ਵਾਅਦਾ ਕੀਤਾ ਸੀ ਪਰ ਨਵਜੋਤ ਸਿੰਘ ਦੇ ਬੇਟੇ ਨੂੰ ਕਿਸ ਆਧਾਰ 'ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਏ. ਏ. ਜੀ. ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਕੈਬਨਿਟ ਮੰਤਰੀ ਹਨ, ਉਨ੍ਹਾਂ ਦੀ ਪਤਨੀ ਚੇਅਰਪਰਸਨ ਹੈ ਤੇ ਹੁਣ ਉਨ੍ਹਾਂ ਦੇ ਬੇਟੇ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਏ. ਏ. ਜੀ. ਨਿਯੁਕਤ ਕਰ ਦਿੱਤਾ ਗਿਆ ਹੈ ਤੇ  ਇਕ ਹੀ ਪਰਿਵਾਰ ਵਿਚ ਉਚ ਅਹੁਦੇ ਵੰਡੇ ਜਾ ਰਹੇ ਹਨ। ਇਸੇ ਤਰ੍ਹਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਾਲੇ ਜੱਜ ਰਣਜੀਤ ਸਿੰਘ ਦੀ ਬੇਟੀ ਸਿਮਰਨ ਗਰੇਵਾਲ ਰੰਧਾਵਾ ਨੂੰ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਏ. ਏ. ਜੀ. ਨਿਯੁਕਤ ਕਰ ਦਿੱਤਾ ਗਿਆ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਕੈਪਟਨ ਸਰਕਾਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਖੁਦਕੁਸ਼ੀਆਂ ਕਰ ਚੁੱਕੇ ਕਿਸੇ ਕਿਸਾਨ ਦੇ ਪਰਿਵਾਰ ਨੂੰ ਅਜੇ ਤਕ ਨੌਕਰੀ ਨਹੀਂ ਦਿੱਤੀ, ਹਰ ਘਰ ਨੌਕਰੀ ਦਾ ਨਾਅਰਾ ਵੀ ਸਿਰਫ ਝਾਂਸਾ ਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਸਿਰਫ ਪਰਿਵਾਰਵਾਦ ਨੂੰ ਹੀ ਬੜਾਵਾ ਦੇ ਰਹੀ ਹੈ ਤੇ ਆਮ ਲੋਕਾਂ ਨੂੰ ਕੋਈ ਵੀ ਸਹੂਲਤ ਨਹੀਂ ਦੇ ਰਹੀ।