ਨਵਜੋਤ ਸਿੱਧੂ ਦੇ ਬਰੀ ਹੋਣ ''ਤੇ ਕ੍ਰਿਕਟ ਖਿਡਾਰੀਆਂ ''ਚ ਖੁਸ਼ੀ ਦੀ ਲਹਿਰ

05/16/2018 10:18:05 AM

ਬਠਿੰਡਾ, (ਵਰਮਾ)—ਪੰਜਾਬ ਦੇ ਸਥਾਨਕ ਮੰਤਰੀ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ 'ਤੇ 30 ਸਾਲ ਪੁਰਾਣੇ ਰੋਡਰੇਜ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਬਰੀ ਕੀਤੇ ਜਾਣ ਨੂੰ ਲੈ ਕੇ ਕ੍ਰਿਕਟ ਖਿਡਾਰੀਆਂ 'ਚ ਖੁਸ਼ੀ ਦੀ ਲਹਿਰ ਪਾਈ ਗਈ। ਬਠਿੰਡਾ ਕ੍ਰਿਕਟ ਐਸੋ. ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਥਾਨਕ ਰਾਜਿੰਦਰਾ ਕਾਲਜ ਗਰਾਊਂਡ 'ਚ ਇਕੱਠੇ ਹੋ ਕੇ ਖੁਸ਼ੀ 'ਚ ਲੱਡੂ ਵੰਡੇ। ਕ੍ਰਿਕਟ ਸੰਘ ਦੇ ਜ਼ਿਲਾ ਪ੍ਰਧਾਨ ਓ. ਡੀ. ਸ਼ਰਮਾ ਨੇ ਆਪਣੇ ਹੱਥਾਂ ਨਾਲ ਕ੍ਰਿਕਟ 'ਚ ਦਿਲਚਸਪੀ ਰੱਖਣ ਵਾਲੇ ਬੱਚਿਆਂ ਨੂੰ ਮਠਿਆਈਆਂ ਵੰਡੀਆਂ ਅਤੇ ਅਦਾਲਤ 'ਤੇ ਭਰੋਸਾ ਜਤਾਇਆ, ਜਿਨ੍ਹਾਂ ਨੇ ਇਸ ਪੁਰਾਣੇ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਨੂੰ ਬਾ-ਇੱਜ਼ਤ ਬਰੀ ਕੀਤਾ। ਇਸ ਮੌਕੇ ਜਨਰਲ ਸਕੱਤਰ ਅਸ਼ੋਕ ਸਿੰਗਲ, ਬਠਿੰਡਾ ਕ੍ਰਿਕਟ ਸੰਘ ਦੇ ਚੇਅਰਮੈਨ ਦਰਸ਼ਨ ਘੁੱਦਾ, ਅਰੁਣਾ ਵਧਾਵਨ, ਰਾਜ ਕੁਮਾਰ ਰਾਜ, ਆਸ਼ੀਸ਼ ਜਿੰਦਲ, ਡਾ. ਗੁਰਬਖ਼ਸ਼ ਸਿੰਘ, ਕੋਚ ਰਵੀ ਕੋਹਲੀ, ਰਤਨ ਲਾਲ ਭੁੱਟੀ, ਸੱਤ ਭੂਸ਼ਣ ਨੇ ਨਵਜੋਤ ਸਿੰਘ ਸਿੱਧੂ ਨੂੰ ਵਧਾਈ ਦਿੱਤੀ। ਓ. ਡੀ. ਸ਼ਰਮਾ ਨੇ ਕਿਹਾ ਕਿ ਕ੍ਰਿਕਟ 'ਚ ਅੰਤਰਰਾਸ਼ਟਰੀ ਪੱਧਰ 'ਤੇ ਜਿੱਤਾਂ ਦਿਵਾਉਣ ਵਿਚ ਨਵਜੋਤ ਸਿੰਘ ਸਿੱਧੂ ਦੀ ਅਹਿਮ ਭੂਮਿਕਾ ਰਹੀ। ਦੇਸ਼ ਦੇ ਕ੍ਰਿਕਟ ਪ੍ਰੇਮੀ ਅਦਾਲਤ ਦੇ ਇਸ ਫੈਸਲੇ ਤੋਂ ਪੂਰੀ ਤਰ੍ਹਾਂ ਖੁਸ਼ ਹਨ।