ਮੰਗਵਾਇਆ ਮੋਬਾਇਲ, ਆਇਆ ਸਾਬਣ!

05/26/2018 1:18:48 AM

ਨਾਭਾ(ਭੁਪਿੰਦਰ ਭੂਪਾ)-ਸਥਾਨਕ ਸ਼ਹਿਰ ਦੇ ਇਕ ਨੌਜਵਾਨ ਵਾਸੀ ਨੂੰ ਆਨਲਾਈਨ ਸ਼ਾਪਿੰਗ ਉਸ ਸਮੇਂ ਮਹਿੰਗੀ ਪੈ ਗਈ, ਜਦੋਂ ਉਸ ਦੇ ਮੰਗਵਾਏ ਮੋਬਾਇਲ ਫੋਨ ਦੀ ਪੈਕਿੰਗ ਵਿਚੋਂ ਸਾਬਣ ਨਿਕਲਿਆ। ਜਾਣਕਾਰੀ ਅਨੁਸਾਰ ਰਜਤ ਕੁਮਾਰ ਨਾਮੀ ਨੌਜਵਾਨ ਨੇ ਆਪਣੇ ਪਿਤਾ ਦੇ ਨਾਂ 'ਤੇ ਰੈਡਮੀ 5 ਕੰਪਨੀ ਦੇ 2 ਮੋਬਾਇਲ ਫੋਨ ਇਕ ਵਿਸ਼ਵ ਪ੍ਰਸਿੱਧ ਆਨਲਾਈਨ ਕੰਪਨੀ ਨੂੰ ਆਰਡਰ ਕੀਤੇ ਸਨ। ਇਨ੍ਹਾਂ ਦੀ ਕ੍ਰਮਵਾਰ 10999 ਰੁਪਏ ਅਤੇ 9999 ਰੁਪਏ ਕੀਮਤ ਉਸ ਦੇ ਪਿਤਾ ਦੇ ਖਾਤੇ ਵਿਚੋਂ ਪਹਿਲਾਂ ਹੀ ਕੰਪਨੀ ਨੂੰ ਅਦਾ ਕਰ ਦਿੱਤੀ ਗਈ ਸੀ। ਅੱਜ ਜਿਉਂ ਹੀ ਕੰਪਨੀ ਦਾ ਮੁਲਾਜ਼ਮ ਉਸ ਦੇ ਆਰਡਰ ਕੀਤੇ ਮੋਬਾਇਲ ਫੋਨ ਦੀ ਸਪਲਾਈ ਲੈ ਕੇ ਆਇਆ ਤਾਂ ਦੋ ਪੈਕਿੰਗਾਂ ਵਿਚੋਂ ਇਕ 'ਚੋਂ ਮੋਬਾਇਲ ਨਿਕਲਿਆਂ ਤਾਂ ਦੂਜੀ 'ਚੋਂ ਸਾਬਣ ਦੀ ਟਿੱਕੀ ਨਿਕਲੀ। ਖਪਤਕਾਰ ਇਹ ਦੇਖ ਕੇ ਹੈਰਾਨ ਰਹਿ ਗਿਆ। ਅਜਿਹੀਆਂ ਠੱਗੀਆਂ ਤੋਂ ਸੇਧ ਲੈਂਦਿਆਂ ਖਪਤਕਾਰ ਨੇ ਪਾਰਸਲ ਖੋਲ੍ਹਣ ਦੀ ਵੀਡੀਓ ਵੀ ਬਣਾ ਲਈ ਸੀ। ਇਸ ਤੋਂ ਬਾਅਦ ਉਸ ਨੇ ਤੁਰੰਤ ਇਸ ਦੀ ਸੂਚਨਾ ਕੰਪਨੀ ਦੇ ਕਸਟਮਰ ਕੇਅਰ ਨੰਬਰ 'ਤੇ ਦਿੱਤੀ, ਜਿਸ 'ਤੇ ਉਸ ਨੂੰ 28 ਮਈ ਤੱਕ ਇੰਤਜ਼ਾਰ ਕਰਨ ਨੂੰ ਕਿਹਾ ਗਿਆ। ਦੂਜੇ ਪਾਸੇ ਸਪਲਾਈ ਦੇ ਕੇ ਗਏ ਕੰਪਨੀ ਦੇ ਕੋਰੀਅਰਮੈਨ ਨੇ ਕਿਹਾ ਕਿ ਉਹ ਵੀ ਇਸ ਪ੍ਰਕਾਰ ਦੀ ਘਟਨਾ ਤੋਂ ਹੈਰਾਨ ਹੈ। ਉਸ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਹੈ। ਉਨ੍ਹਾਂ ਦੇ ਨਿਰਦੇਸ਼ਾਂ ਅਧੀਨ ਹੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਜ਼ਿਕਰਯੋਗ ਹੈ ਕਿ ਖਪਤਕਾਰ ਨੂੰ ਇਹ ਸਾਬਣ ਦੀ ਟਿੱਕੀ ਹੁਣ ਲਗਭਗ 10 ਹਜ਼ਾਰ ਰੁਪਏ ਵਿਚ ਪੈ ਗਈ ਹੈ। ਨਾਮੀ ਕੰਪਨੀਆਂ ਦੇ ਚਲਦੇ ਆਨਲਾਈਨ ਵਪਾਰ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਠੱਗੀ ਦੇ ਸ਼ਿਕਾਰ ਖਪਤਕਾਰ ਰਜਤ ਕੁਮਾਰ ਨੇ ਕਿਹਾ ਕਿ ਉਹ ਕੰਪਨੀ ਖਿਲਾਫ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਏਗਾ।