ਵਿਆਹੁਤਾ ਦੀ ਮੌਤ ਦੇ ਮਾਮਲੇ ''ਚ ਪਤੀ ਖਿਲਾਫ ਕੇਸ ਦਰਜ

05/27/2018 7:51:40 AM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) —ਇਕ ਵਿਆਹੁਤਾ ਦੀ ਮੌਤ ਦੇ ਮਾਮਲੇ 'ਚ ਥਾਣਾ ਲੌਂਗੋਵਾਲ ਵਿਖੇ ਮ੍ਰਿਤਕਾ ਦੇ ਪਤੀ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਗਿਆ। ਥਾਣੇਦਾਰ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਰਾਮ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਉਸ ਦੀ ਭੈਣ ਸਵਰਣ ਕੌਰ ਦਾ ਵਿਆਹ ਕਰੀਬ 14 ਵਰ੍ਹੇ ਪਹਿਲਾਂ ਸੁਖਵਿੰਦਰ ਸਿੰਘ ਨਾਲ ਹੋਇਆ ਸੀ, ਜਿਸ ਦੇ 3 ਬੱਚੇ ਹਨ। ਕਰੀਬ 2 ਮਹੀਨੇ ਪਹਿਲਾਂ ਪਤੀ-ਪਤਨੀ 'ਚ ਝਗੜਾ ਹੋ ਗਿਆ ਸੀ, ਜਿਸ ਕਾਰਨ ਉਨ੍ਹਾਂ 'ਚ ਤਕਰਾਰ ਰਹਿਣ ਲੱਗੀ। ਇਸ ਸਬੰਧੀ ਸਵਰਣ ਕੌਰ ਉਸ ਨੂੰ ਦੱਸਦੀ ਰਹਿੰਦੀ ਸੀ। 23 ਮਈ ਨੂੰ ਉਸ ਨੂੰ ਪਿੰਡ ਦੁੱਗਾਂ ਤੋਂ ਫੋਨ ਆਇਆ ਕਿ ਉਸ ਦੀ ਭੈਣ ਦੀ ਅਟੈਕ ਨਾਲ ਮੌਤ ਹੋ ਗਈ ਹੈ। 
ਉਸ ਨੇ ਦੁੱਗਾਂ ਜਾ ਕੇ ਦੇਖਿਆ ਤਾਂ ਉਸ ਦੀ ਭੈਣ ਦੀ ਲਾਸ਼ ਮੰਜੇ 'ਤੇ ਪਈ ਸੀ, ਜਿਸ ਦੇ ਗਲ 'ਤੇ ਨਿਸ਼ਾਨ ਸਨ। ਉਸ ਨੂੰ ਉਸ ਦੀ ਭੈਣ ਦੇ ਸਹੁਰੇ ਪਰਿਵਾਰ ਨੂੰ ਦੱਸਿਆ ਕਿ ਸਵਰਣ ਕੌਰ ਨੇ ਚੁਬਾਰੇ ਦੀ ਛੱਤ 'ਚ ਜਾ ਕੇ ਫਾਹ ਲੈ ਲਿਆ। ਉਸ ਨੇ ਰਿਸ਼ਤੇਦਾਰਾਂ ਨਾਲ ਸਲਾਹ ਕਰਕੇ ਧਾਰਾ 174 ਤਹਿਤ ਕਾਰਵਾਈ ਕਰਨ ਲਈ ਬਿਆਨ ਕਲਮਬੰਦ ਕਰਵਾ ਦਿੱਤੇ।
ਉਨ੍ਹਾਂ ਨੂੰ ਕੁਝ ਲੋਕਾਂ ਤੋਂ ਪਤਾ ਲੱਗਿਆ ਕਿ ਸਵਰਣ ਕੌਰ ਨੇ ਆਤਮ ਹੱਤਿਆ ਨਹੀਂ ਕੀਤੀ ਸਗੋਂ ਉਸ ਦੇ ਪਤੀ ਨੇ ਉਸ ਨੂੰ ਗਲ ਘੁੱਟ ਕੇ ਮੌਤ ਦੇ ਘਾਟ ਉਤਾਰਿਆ ਹੈ। ਪੁਲਸ ਨੇ ਮੁੱਦਈ ਦੇ ਬਿਆਨਾਂ ਦੀ ਪੜਤਾਲ ਕਰਨ ਉਪਰੰਤ ਸੁਖਵਿੰਦਰ ਸਿੰਘ ਖਿਲਾਫ ਕਤਲ ਕਰਨ ਦੇ ਦੋਸ਼ 'ਚ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।