ਮਨੂ-ਸੁਮਿਤ ਦੀ ਹਾਰ ਦੇ ਨਾਲ ਭਾਰਤੀ ਚੁਣੌਤੀ ਖ਼ਤਮ

05/12/2018 5:27:40 PM

ਸਿਡਨੀ (ਬਿਊਰੋ)— ਤੀਜਾ ਦਰਜਾ ਪ੍ਰਾਪਤ ਮਨੂ ਅਤਰੀ ਅਤੇ ਬੀ. ਸੁਮਿਤ ਰੈਡੀ ਦੀ ਭਾਰਤੀ ਜੋੜੀ ਸ਼ਨੀਵਾਰ ਨੂੰ ਇਥੇ ਆਸਟਰੇਲੀਅਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਸੈਮੀਫਾਈਨਲ 'ਚ ਹਾਰ ਕੇ ਬਾਹਰ ਹੋ ਗਈ ਜਿਸ ਨਾਲ ਟੂਰਨਾਮੈਂਟ 'ਚ ਭਾਰਤੀ ਚੁਣੌਤੀ ਵੀ ਖ਼ਤਮ ਹੋ ਗਈ। ਮਨੂ ਅਤੇ ਸੁਮਿਤ ਦੀ ਜੋੜੀ ਇੰਡੋਨੇਸ਼ੀਆ ਦੇ ਬੈਰੀ ਆਂਗਰੀਆਵਾਨ ਅਤੇ ਹਾਰਦੀਆਂਤੋ ਦੀ ਚੋਟੀ ਦਾ ਦਰਜਾ ਪ੍ਰਾਪਤ ਜੋੜੀ ਦੇ ਹੱਥੋਂ ਲਗਾਤਾਰ ਗੇਮਾਂ 'ਚ 17-21, 15-21 ਨਾਲ 39 ਮਿੰਟ 'ਚ ਹਾਰ ਕੇ ਬਾਹਰ ਹੋ ਗਈ।

ਵਿਸ਼ਵ ਦੀ 28ਵੀਂ ਰੈਂਕਿੰਗ ਦੀ ਭਾਰਤੀ ਜੋੜੀ ਦਾ 17ਵੀਂ ਰੈਂਕਿੰਗ ਇੰਡੋਨੇਸ਼ੀਆਈ ਜੋੜੀ ਦੇ ਖਿਲਾਫ ਇਹ ਕਰੀਅਰ 'ਚ ਪਹਿਲਾ ਮੁਕਾਬਲਾ ਸੀ। ਬੈਰੀ-ਹਾਰਦੀਆਂਤੋਂ ਦੀ ਜੋੜੀ ਨੇ ਪਹਿਲੇ ਗੇਮ 'ਚ ਲਗਾਤਾਰ ਚਾਰ ਅੰਕ ਲੈ ਕੇ ਸ਼ੁਰੂਆਤੀ ਬੜ੍ਹਤ ਬਣਾਈ ਪਰ ਮਨੂ-ਸੁਮਿਤ ਨੇ 10-10 'ਤੇ ਬਰਾਬਰੀ ਕੀਤੀ। ਹਾਲਾਂਕਿ ਫਿਰ ਉਹ ਪਿੱਛੜ ਗਏ ਜਦਕਿ ਦੂਜੇ ਗੇਮ 'ਚ ਭਾਰਤੀ ਜੋੜੀ ਸਿਰਫ 3-3 'ਤੇ ਹੀ ਬਰਾਬਰੀ ਕਰ ਸਕੀ। ਇੰਡੋਨੇਸ਼ੀਆਈ ਖਿਡਾਰੀ ਨੇ ਫਿਰ 9-4 ਅਤੇ 18-10 ਨਾਲ ਬੜ੍ਹਤ ਬਣਾਈ ਅਤੇ ਆਸਾਨੀ ਨਾਲ ਗੇਮ ਅਤੇ ਮੈਚ ਜਿੱਤ ਕੇ ਫਾਈਨਲ 'ਚ ਜਗ੍ਹਾ ਬਣਾ ਲਈ।