ਚੋਰੀ ਦੇ ਮੋਟਰਸਾਈਕਲ ਤੇ ਕਣਕ ਸਮੇਤ 3 ਕਾਬੂ

05/19/2018 7:12:20 PM

ਕੋਟਕਪੂਰਾ,(ਨਰਿੰਦਰ)—ਜ਼ਿਲਾ ਪੁਲਸ ਮੁਖੀ ਡਾ. ਨਾਨਕ ਸਿੰਘ ਵੱਲੋਂ ਬੁਰੇ ਅਨਸਰਾਂ ਖਿਲਾਫ਼ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ 'ਤੇ ਅਮਲ ਕਰਦੇ ਹੋਏ ਥਾਣਾ ਸਦਰ ਕੋਟਕਪੂਰਾ ਅਧੀਨ ਆਉਂਦੀ ਚੌਂਕੀ ਪੰਜਗਰਾਈ ਕਲਾਂ ਦੀ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਚੋਰੀ ਦੇ ਮੋਟਰਸਾਈਕਲ ਅਤੇ ਕਣਕ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਪੰਜਗਰਾਈ ਪੁਲਸ ਚੌਂਕੀ ਦੇ ਇੰਚਾਰਜ ਬਲਦੇਵ ਸਿੰਘ ਏ. ਐੱਸ. ਆਈ. ਸਮੇਤ ਪੁਲਸ ਪਾਰਟੀ ਵਲੋਂ ਅੱਜ ਘਣੀਏ ਵਾਲਾ ਰੋਡ ਪੰਜਗਰਾਈ ਕਲਾਂ ਵਿਖੇ ਕੀਤੀ ਨਾਕਾਬੰਦੀ ਦੌਰਾਨ ਹਰਜਿੰਦਰ ਸਿੰਘ ਵਾਸੀ ਜਿਉਣਵਾਲਾ, ਜਸਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਵਾਸੀ ਪੰਜਗਰਾਈ ਕਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਉਨ੍ਹਾਂ ਕੋਲੋਂ ਚੋਰੀ ਕੀਤਾ ਮੋਟਰਸਾਈਕਲ ਅਤੇ ਚੋਰੀ ਕੀਤੀ ਗਈ 8 ਮਣ ਕਣਕ ਵਿੱਚੋਂ 3 ਮਣ ਕਣਕ ਵੀ ਬਰਾਮਦ ਕੀਤੀ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਚੋਰੀ ਦੌਰਾਨ ਵਰਤਿਆ ਗਿਆ ਇੱਕ ਹੋਰ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਇਸ ਸਬੰਧ ਵਿੱਚ ਚੌਂਕੀ ਇੰਚਾਰਜ ਏ. ਐੱਸ. ਆਈ. ਬਲਦੇਵ ਸਿੰਘ ਅਤੇ ਮੁਨਸ਼ੀ ਸੁਖਮੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿੱਚ ਪ੍ਰਭਦੀਪ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪੰਜਗਰਾਈ ਕਲਾਂ ਵੱਲੋਂ 17 ਮਈ ਨੂੰ ਪੁਲਸ ਨੂੰ ਮੋਟਰਸਾਈਕਲ ਅਤੇ ਕਣਕ ਚੋਰੀ ਹੋਣ ਸਬੰਧੀ ਬਿਆਨ ਦਿੱਤਾ ਗਿਆ ਸੀ, ਜਿਸ 'ਤੇ ਪੁਲਸ ਵੱਲੋਂ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਗਈ ਸੀ।