KKR ਨੂੰ ਸਨਰਾਈਜ਼ਰਜ਼ ਖਿਲਾਫ ਘਰੇਲੂ ਮੈਦਾਨ ''ਤੇ ਖੇਡਣ ਦਾ ਮਿਲੇਗਾ ਫਾਇਦਾ : ਕੁਲਦੀਪ

05/24/2018 3:08:32 PM

ਕੋਲਕਾਤਾ— ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟਰਾਈਡਰਜ਼ ਦੇ ਸਪਿਨਰ ਕੁਲਦੀਪ ਯਾਦਵ ਦਾ ਮੰਨਣਾ ਹੈ ਕਿ ਆਈ.ਪੀ.ਐੱਲ. ਦੇ ਦੂਜੇ ਕੁਆਲੀਫਾਇਰ 'ਚ ਜਦੋਂ ਉਨ੍ਹਾਂ ਦੀ ਟੀਮ ਸਨਰਾਈਜ਼ਰਜ਼ ਹੈਦਰਾਬਾਦ ਨਾਲ ਖੇਡੇਗੀ ਤਾਂ ਉਸ ਨੂੰ ਘਰੇਲੂ ਮੈਦਾਨ 'ਤੇ ਖੇਡਣ ਦਾ ਫਾਇਦਾ ਮਿਲੇਗਾ। ਕੇ.ਕੇ.ਆਰ. ਨੂੰ ਆਪਣੇ ਦੋਵੇਂ ਪਲੇਆਫ ਮੈਚ ਈਡਨ ਗਾਰਡਨਸ 'ਤੇ ਖੇਡਣ ਦਾ ਮੌਕਾ ਮਿਲਿਆ ਹੈ। ਉਸ ਨੇ ਐਲੀਮਿਨੇਟਰ 'ਚ ਰਾਜਸਥਾਨ ਰਾਇਲਸ ਨੂੰ ਹਰਾ ਕੇ ਕੱਲ ਲਗਤਾਰ ਚੌਥੀ ਜਿੱਤ ਦਰਜ ਕੀਤੀ। ਹੁਣ ਉਨ੍ਹਾਂ ਨੂੰ ਸਨਰਾਈਜ਼ਰਜ਼ ਦੇ ਨਾਲ ਦੂਜੇ ਕੁਆਲੀਫਾਇਰ 'ਚ ਖੇਡਣਾ ਹੈ। 

ਕੁਲਦੀਪ ਨੇ ਕਿਹਾ, ''ਸਨਰਾਈਜ਼ਰਜ਼ ਲਈ ਮੁੰਬਈ ਤੋਂ ਇੱਥੇ ਆ ਕੇ ਖੇਡਣਾ ਮੁਸ਼ਕਲ ਹੋਵੇਗਾ। ਮੁੰਬਈ 'ਚ ਵਿਕਟ 'ਚ ਉਛਾਲ ਸੀ ਜਦਕਿ ਈਡਨ ਦੀ ਵਿਕਟ ਸਪਿਨਰਾਂ ਦੀ ਮਦਦਗਾਰ ਹੈ। ਇਹ ਸਾਡਾ ਘਰੇਲੂ ਮੈਦਾਨ ਹੈ ਤਾਂ ਸਾਡੇ ਲਈ ਇੱਥੇ ਖੇਡਣਾ ਆਸਾਨ ਹੈ।'' ਉਸ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਦੀ ਟੀਮ ਸਨਰਾਈਜ਼ਰਜ਼ ਨੂੰ ਹਲਕੇ 'ਚ ਨਹੀਂ ਲੈ ਰਹੀ ਹੈ। ਉਸ ਨੇ ਕਿਹਾ, ''ਅਸੀਂ ਨਤੀਜਿਆਂ 'ਤੇ ਨਹੀਂ ਦੇਖ ਰਹੇ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਚਾਰ ਮੈਚ ਜਿੱਤੇ ਹਨ ਜਾਂ ਉਨ੍ਹਾਂ ਨੇ ਚਾਰ ਜਿੱਤੇ। ਅਜੇ ਸਾਡੀ ਤਰਜੀਹ ਅਗਲਾ ਮੈਚ ਜਿੱਤਣਾ ਹੈ।'' ਕੁਲਦੀਪ ਨੇ ਕਿਹਾ, ''ਇਹ ਨਾਕਆਊਟ ਪੜਾਅ ਹੈ ਅਤੇ ਹੁਣ ਹਰ ਮੈਚ ਮਹੱਤਵਪੂਰਨ ਹੈ। ਉਹ ਬਹੁਤ ਚੰਗੀ ਟੀਮ ਹੈ ਅਤੇ ਅਸੀਂ ਇਕ ਬਿਹਤਰੀਨ ਮੈਚ ਲਈ ਤਿਆਰ ਹਾਂ।'' ਕੁਲਦੀਪ ਨੇ 25 ਗੇਂਦਾਂ 'ਚ ਅਜੇਤੂ 49 ਦੌੜਾਂ ਬਣਾਉਣ ਵਾਲੇ ਆਂਦਰੇ ਰਸੇਲ ਦੀ ਵੀ ਸ਼ਲਾਘਾ ਕੀਤੀ।